ਮੁੱਖ ਵਿਰੋਧੀ ਦਲ ਹੋਣ ਦੇ ਬਾਵਜੂਦ ਚੋਣ ਨਤੀਜਿਆਂ ''ਚ ''ਆਪ'' ਦੀ ਦੁਰਗਤੀ

Sunday, Oct 27, 2019 - 03:47 PM (IST)

ਮੁੱਖ ਵਿਰੋਧੀ ਦਲ ਹੋਣ ਦੇ ਬਾਵਜੂਦ ਚੋਣ ਨਤੀਜਿਆਂ ''ਚ ''ਆਪ'' ਦੀ ਦੁਰਗਤੀ

ਚੰਡੀਗੜ੍ਹ (ਰਮਨਜੀਤ)— ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਬੈਠਣ ਵਾਲੀ ਆਮ ਆਦਮੀ ਪਾਰਟੀ 2017 ਦੇ ਬਾਅਦ ਹੋਈਆਂ ਇਕ ਤੋਂ ਬਾਅਦ ਇਕ ਚੋਣਾਂ 'ਚ ਕਿਤੇ ਵੀ ਆਪਣੇ ਉਕਤ ਸਥਾਨ 'ਤੇ ਨਹੀਂ ਠਹਿਰਦੀ। ਆਲਮ ਇਹ ਹੈ ਕਿ ਲੋਕ ਸਭਾ ਚੋਣਾਂ ਹੋਣ ਜਾਂ ਉਪ ਚੋਣ, 'ਆਪ' ਉਮੀਦਵਾਰ ਲਗਾਤਾਰ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਰਹੇ ਹਨ। ਇਹ ਹਾਲ ਉਦੋਂ ਹੈ, ਜਦੋਂ ਪੰਜਾਬ ਆਮ ਆਦਮੀ ਪਾਰਟੀ ਦਾ ਯੂਨਿਟ ਆਪਣੇ ਸਾਰੇ ਫੈਸਲੇ ਜ਼ਮੀਨੀ ਹਕੀਕਤ ਦੇਖ ਕੇ ਖੁਦ ਲੈਣ ਦਾ ਦਮ ਭਰਦਾ ਹੈ। ਰਾਜ 'ਚ ਆਮ ਆਦਮੀ ਪਾਰਟੀ ਦੇ ਸਭ ਤੋਂ ਲੋਕਪ੍ਰਿਯ ਨੇਤਾ ਮੰਨੇ ਜਾਂਦੇ ਭਗਵੰਤ ਮਾਨ ਦੀਆਂ ਚੋਣ ਰੈਲੀਆਂ 'ਚ ਭਾਵੇਂ ਹੀ ਭੀੜ ਜੁਟਦੀ ਰਹੀ ਹੈ ਪਰ ਚੋਣਾਂ ਦੇ ਨਤੀਜੇ ਲਗਾਤਾਰ ਸਾਬਤ ਕਰ ਰਹੇ ਹਨ ਕਿ ਲੋਕ ਭਗਵੰਤ ਮਾਨ ਦੀਆਂ ਚਟਪਟੀਆਂ ਗੱਲਾਂ ਸੁਣਨ ਤਾਂ ਜ਼ਰੂਰ ਪਹੁੰਚ ਜਾਂਦੇ ਹਨ ਪਰ ਉਹ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ।

ਦਿਲਚਸਪ ਗੱਲ ਇਹ ਹੈ ਕਿ ਫਗਵਾੜਾ ਅਤੇ ਦਾਖਾ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਕਿਤੇ ਜ਼ਿਆਦਾ ਵੋਟਾਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੂੰ ਪਈਆਂ। ਦਾਖਾ ਸੀਟ ਤਾਂ 'ਆਪ' ਦੇ ਐੱਚ. ਐੱਸ. ਫੂਲਕਾ ਵੱਲੋਂ ਅਸਤੀਫਾ ਦੇਣ ਨਾਲ ਹੀ ਖਾਲੀ ਹੋਈ ਸੀ ਪਰ ਇਹ ਸੀਟ ਵੀ ਆਮ ਆਦਮੀ ਪਾਰਟੀ ਬਚਾਉਣ 'ਚ ਕਾਮਯਾਬ ਨਹੀਂ ਹੋ ਸਕੀ। ਇਸ ਤੋਂ ਪਹਿਲਾਂ 2018 'ਚ ਹੋਈ ਸ਼ਾਹਕੋਟ ਉੱਪ ਚੋਣ 'ਚ ਵੀ ਆਮ ਆਦਮੀ ਪਾਰਟੀ ਦੀ ਅਜਿਹੀ ਹੀ ਸ਼ਰਮਨਾਕ ਹਾਰ ਹੋਈ ਸੀ। ਅਜਿਹਾ ਹੀ ਹਾਲ ਲੋਕ ਸਭਾ ਚੋਣਾਂ 2019 'ਚ ਹੋਇਆ, ਜਿਸ 'ਚ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਸਨ।


author

shivani attri

Content Editor

Related News