ਜੇਕਰ 11 ਲੋਕਾਂ ਨੂੰ ਮੈਸੇਜ ਨਹੀਂ ਦੇ ਸਕੇ ਚੀਮਾ ਤਾਂ ਲੱਖਾਂ ਪੰਜਾਬੀਆਂ ਤੱਕ ਕਿਵੇਂ ਪਹੁੰਚਾਉਣਗੇ : ਅਮਨ

07/12/2019 2:11:59 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ 'ਚ ਖਹਿਰਾ ਧੜੇ ਦੇ ਵੱਖ ਹੋਣ ਤੋਂ ਬਾਅਦ ਹੁਣ ਨਵਾਂ ਵਿਵਾਦ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨੇਤਾ ਹਰਪਾਲ ਸਿੰਘ ਚੀਮਾ ਨਾਲ ਖਫਾ ਚੱਲ ਰਹੇ ਹਨ। ਕਾਰਨ ਹੈ ਹਾਲ ਹੀ 'ਚ ਹੋਈ ਬਿਜਲੀ ਅੰਦੋਲਨ ਸਬੰਧੀ ਸਾਰੇ ਵਿਧਾਇਕਾਂ ਅਤੇ ਕੋਰ ਕਮੇਟੀ ਮੈਂਬਰਾਂ ਦੀ ਚੰਡੀਗੜ੍ਹ 'ਚ ਮੀਟਿੰਗ। ਅਮਨ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਕਿ ਉਨ੍ਹਾਂ ਨੂੰ ਬਿਜਲੀ ਅੰਦੋਲਨ ਦੇ ਕੋਆਰਡੀਨੇਟਰ ਅਹੁਦੇ ਤੋਂ ਹਟਾ ਦਿੱਤਾ ਗਿਆ ਪਰ ਨਾਰਾਜ਼ਗੀ ਸਿਰਫ ਇਸ ਗੱਲ ਦੀ ਹੈ ਕਿ ਲੱਖਾਂ ਲੋਕਾਂ ਨਾਲ ਜੁੜੇ ਹੋਏ ਬਿਜਲੀ ਬਿੱਲਾਂ ਦੇ ਮੁੱਦੇ 'ਤੇ ਹੋਈ ਅਹਿਮ ਬੈਠਕ 'ਚ ਬੁਲਾਇਆ ਨਹੀਂ ਗਿਆ।

ਬੈਠਕ 'ਚ ਨਾ ਬੁਲਾਏ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਵਿਧਾਇਕ ਦਲ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੀਟਿੰਗ ਲਈ ਅਮਨ ਅਰੋੜਾ ਨੂੰ ਬੁਲਾਉਣਾ ਭੁੱਲ ਗਏ ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ 11-12 ਵਿਧਾਇਕ ਹੋਣ ਅਤੇ ਉਨ੍ਹਾਂ 'ਚੋਂ ਵੀ ਕਿਸੇ ਦਾ ਨਾਂ ਭੁੱਲ ਜਾਵੇ। ਜੇਕਰ ਅਜਿਹਾ ਸੰਭਵ ਹੈ ਤਾਂ ਮੇਰਾ ਸਵਾਲ ਇਹ ਹੈ ਕਿ ਫਿਰ ਅਸੀਂ ਪੰਜਾਬ ਦੇ ਲੱਖਾਂ ਲੋਕਾਂ ਤੱਕ ਆਪਣਾ ਮੈਸੇਜ ਕਿਵੇਂ ਪਹੁੰਚਾਵਾਂਗੇ। ਅਮਨ ਅਰੋੜਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੀਟਿੰਗ ਹੋਣ ਤੋਂ ਬਾਅਦ ਵੀ ਕਿਸੇ ਸਾਥੀ ਵਿਧਾਇਕ ਜਾਂ ਵਿਧਾਇਕ ਦਲ ਨੇਤਾ ਨੇ ਮੇਰੇ ਨਾਲ ਸੰਪਰਕ ਕਰਨਾ ਠੀਕ ਨਹੀਂ ਸਮਝਿਆ ਹੈ। ਅਰੋੜਾ ਨੇ ਕਿਹਾ ਕਿ ਕਿਉਂਕਿ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਸੰਸਦ ਸੈਸ਼ਨ 'ਚ ਮਸ਼ਰੂਫ ਹਨ ਅਤੇ ਉਨ੍ਹਾਂ ਦੇ ਪਰਤਣ 'ਤੇ ਉਨ੍ਹਾਂ ਸਾਹਮਣੇ ਇਹ ਮਾਮਲਾ ਰੱਖਾਂਗਾ।


Anuradha

Content Editor

Related News