ਖਹਿਰਾ ਧੜੇ ਦੇ ਵਿਧਾਇਕਾਂ ਨੇ ਵਧਾਈ ''ਆਪ'' ਦੀ ਸਿਰਦਰਦੀ

01/09/2019 11:36:57 AM

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੀ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਯੋਜਨਾ 'ਤੇ ਸੁਖਪਾਲ ਖਹਿਰਾ ਧੜੇ ਦੇ ਵਿਧਾਇਕ ਪਾਣੀ ਫੇਰਦੇ ਨਜ਼ਰ ਆ ਰਹੇ ਹਨ। ਖਹਿਰਾ ਦੇ ਅਸਤੀਫੇ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਕਿਸੇ ਵੀ ਹਾਲਤ 'ਚ ਆਮ ਆਦਮੀ ਪਾਰਟੀ ਦਾ ਨਾਰਾਜ਼ ਆਗੂਆਂ ਨੂੰ ਮਨਾਉਣ ਦਾ ਫੈਸਲਾ ਸਫਲ ਸਾਬਤ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਪਾਰਟੀ ਦਾ ਸੀ. ਆਗੂ ਐੈੱਚ. ਐੈੱਸ. ਫੂਲਕਾ ਨੇ ਵੀ ਅਸਤੀਫਾ ਦੇ ਕੇ ਪਾਰਟੀ ਨੂੰ ਕਰਾਰਾ ਝਟਕਾ ਦਿੱਤਾ ਸੀ। ਹੁਣ ਤਾਜ਼ਾ ਹਾਲਾਤ ਬਾਰੇ ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਖਹਿਰਾ ਧੜੇ ਦੇ ਇਕ ਹੋਰ ਆਗੂ ਬਲਦੇਵ ਸਿੰਘ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਖਹਿਰਾ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ਨੂੰ ਪੰਜਾਬ 'ਚ ਖੜ੍ਹਾ ਦੇਖਣਾ ਚਾਹੁੰਦੇ ਹਨ, ਇਸ ਲਈ ਉਹ ਆਪਣੇ ਨਾਲ ਚੱਲ ਰਹੇ ਵਿਧਾਇਕਾਂ ਨੂੰ ਅਸਤੀਫਾ ਦੇਣ ਲਈ ਮਨਾਉਣ 'ਚ ਲੱਗੇ ਹਨ। ਸੂਤਰਾਂ ਅਨੁਸਾਰ ਅਗਲਾ ਅਸਤੀਫਾ ਬਲਦੇਵ ਸਿੰਘ ਦਾ ਹੋਵੇਗਾ ਅਤੇ ਉਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਵੀ ਉਤਾਰਿਆ ਜਾ ਸਕਦਾ ਹੈ।
ਉਥੇ ਹੀ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਸਾਰੇ ਵਿਧਾਇਕਾਂ ਨੂੰ ਅਸਤੀਫਾ ਦੇਣ ਲਈ ਨਹੀਂ ਕਹਿ ਰਹੇ ਕਿਉਂਕਿ ਬਿਨਾਂ ਕਾਰਨ ਉੱਪ ਚੋਣ ਦਾ ਮਾਹੌਲ ਪੈਦਾ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਬਿਨਾਂ ਕਾਰਨ ਕਰੋੜਾਂ ਰੁਪਏ ਖਰਚ ਹੋ ਜਾਣਗੇ ਅਤੇ ਇਸ ਨਾਲ ਸੁਖਬੀਰ ਬਾਦਲ ਦਾ ਇਸ 'ਚ ਵਿਰੋਧੀ ਦਲ ਦਾ ਆਗੂ ਬਣਨ ਦਾ ਰਸਤਾ ਸਾਫ ਹੋ ਜਾਵੇਗਾ, ਜੋ ਉਹ ਕਦੀ ਨਹੀਂ ਚਾਹੁਣਗੇ।

ਦੂਜੇ ਪਾਸੇ ਅਜਿਹੀਆਂ ਖਬਰਾਂ ਵੀ ਗੁਪਤ ਸੂਤਰਾਂ ਤੋਂ ਮਿਲ ਰਹੀਆਂ ਹਨ ਕਿ ਖਹਿਰਾ ਧੜੇ ਦੇ ਕੁਝ ਵਿਧਾਇਕਾਂ ਦੀ ਅੰਦਰਖਾਤੇ ਆਮ ਆਦਮੀ ਪਾਰਟੀ ਹਾਈਕਮਾਨ ਨਾਲ ਸੈਟਿੰਗ ਵੀ ਚੱਲ ਰਹੀ ਹੈ, ਜਿਸ ਕਾਰਨ ਉਹ ਕਿਸੇ ਵੀ ਸਮੇਂ ਖਹਿਰਾ ਤੋਂ ਕਿਨਾਰਾ ਕਰ ਸਕਦੇ ਹਨ। ਇਸ ਬਾਰੇ ਬੀਤੇ ਦਿਨੀਂ ਖਹਿਰਾ ਧੜੇ ਦੀ ਇਕ ਮੀਟਿੰਗ 'ਚ ਉਨ੍ਹਾਂ ਦੇ ਹੀ ਧੜੇ ਦੇ ਕੁਝ ਵਿਧਾਇਕਾਂ ਦੇ ਸ਼ਾਮਲ ਨਾ ਹੋਣ 'ਤੇ ਧੜੇ ਦੇ ਇਕ ਆਗੂ ਨੇ ਇਸ ਨੂੰ ਉਨ੍ਹਾਂ ਦੀ ਰਾਜਨੀਤਕ ਯੋਜਨਾਬੰਦੀ ਦਾ ਹਿੱਸਾ ਦੱਸਿਆ। ਉਥੇ ਉਕਤ ਧੜੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਲਦੇਵ ਸਿੰਘ ਅਤੇ ਹੋਰ ਵੀ ਆਗੂਆਂ ਨੂੰ 'ਆਪ' ਤੋਂ ਅਸਤੀਫਾ ਦੇਣ ਤੋਂ ਰੋਕਿਆ ਜਾ ਸਕੇ।

ਫਿਲਹਾਲ ਖਹਿਰਾ ਨਾਲ ਇਸ ਸਮੇਂ ਕੰਵਰ ਸੰਧੂ ਜੋ ਕਿ ਆਮ ਆਦਮੀ ਪਾਰਟੀ ਤੋਂ ਬਰਖਾਸਤ ਹੈ, ਉਨ੍ਹਾਂ ਤੋਂ ਇਲਾਵਾ ਪੰਜ ਆਮ ਆਦਮੀ ਪਾਰਟੀ ਵਿਧਾਇਕਾਂ 'ਚ ਜੈਤੋਂ ਤੋਂ ਬਲਦੇਵ ਸਿੰਘ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਰਾਏਕੋਟ ਦੇ ਜਗਤਾਰ ਸਿੰਘ, ਮੌੜ ਦੇ ਜਗਦੇਵ ਸਿੰਘ ਅਤੇ ਬਹਾਦਰਗੜ੍ਹ ਦੇ ਪਿਰਮਲ ਸਿੰਘ ਸ਼ਾਮਲ ਹਨ। ਪਿਰਮਲ ਸਿੰਘ ਦਾ ਕਹਿਣਾ ਹੈ ਕਿ ਖਹਿਰਾ ਦੇ ਨਾਲ ਚੱਲ ਰਹੇ ਸਾਰੇ ਵਿਧਾਇਕ ਇਕ ਹਨ ਅਤੇ ਨਵੀਂ ਪਾਰਟੀ ਦਾ ਗਠਨ ਪੰਜਾਬ ਦੇ ਹਿੱਤਾਂ ਲਈ ਕੀਤਾ ਗਿਆ ਹੈ। ਦੂਜੇ ਪਾਸੇ ਜਾਣਕਾਰਾਂ ਦੀ ਮੰਨੀਏ ਤਾਂ ਖਹਿਰਾ ਨੂੰ ਅੰਦਰਖਾਤੇ ਕਾਂਗਰਸ ਦੀ ਸਪੋਰਟ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਖਿਲਾਫ ਪੰਜਾਬ 'ਚ ਲੋਕ ਸਭਾ ਚੋਣਾਂ ਲੜੀਆਂ ਜਾਣ ਤਾਂ ਜੋ ਆਮ ਆਦਮੀ ਪਾਰਟੀ ਦੀ ਬਚੀ-ਖੁਚੀ ਵੋਟ ਵੀ ਮਾਲਵਾ ਇਲਾਕੇ ਤੋਂ ਤੋੜੀ ਜਾ ਸਕੇ।


shivani attri

Content Editor

Related News