ਹਲਕਾ ਸਾਹਨੇਵਾਲ ਤੋਂ ‘ਆਪ’ ਪਾਰਟੀ ਦੇ ਹਰਦੀਪ ਮੁੰਡੀਆਂ ਨੂੰ ਟਿਕਟ ਦੇਣ ’ਤੇ ਉੱਠੀਆਂ ਬਾਗੀ ਸੁਰਾਂ

Monday, Jan 10, 2022 - 06:10 PM (IST)

ਹਲਕਾ ਸਾਹਨੇਵਾਲ ਤੋਂ ‘ਆਪ’ ਪਾਰਟੀ ਦੇ ਹਰਦੀਪ ਮੁੰਡੀਆਂ ਨੂੰ ਟਿਕਟ ਦੇਣ ’ਤੇ ਉੱਠੀਆਂ ਬਾਗੀ ਸੁਰਾਂ

ਮਾਛੀਵਾੜਾ ਸਾਹਿਬ (ਟੱਕਰ) : ਆਮ ਆਦਮੀ ਪਾਰਟੀ ਵਲੋਂ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਛੱਡ ਕੇ ਆਏ ਹਰਦੀਪ ਸਿੰਘ ਮੁੰਡੀਆਂ ਨੂੰ ਟਿਕਟ ਦੇਣ ’ਤੇ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਪਾਰਟੀ ਦੇ ਹੀ ਆਗੂ ਪਰਦੀਪ ਸਿੰਘ ਖਾਲਸਾ ਨੇ ਅੱਜ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਇਸ ਭ੍ਰਿਸ਼ਟ ਵਿਅਕਤੀ ਤੋਂ ਟਿਕਟ ਵਾਪਸ ਲੈ ਕਿਸੇ ਈਮਾਨਦਾਰ ਵਿਅਕਤੀ ਨੂੰ ਦਿੱਤੀ ਜਾਵੇ। ਹਲਕਾ ਸਾਹਨੇਵਾਲ ਦੇ ਪਿੰਡ ਗੜ੍ਹੀ ਫਾਜ਼ਲ ਵਿਖੇ ਪਰਦੀਪ ਸਿੰਘ ਖਾਲਸਾ ਵਲੋਂ ਇਕੱਤਰ ਹੋਏ ‘ਆਪ’ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸੋਚ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣੀ ਹੈ ਉੱਪਰ ਪਹਿਰਾ ਦਿੰਦੇ ਹੋਏ ਹਲਕੇ ਵਿਚ ਪ੍ਰਚਾਰ ਕਰ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਪਰ ਦੂਜੇ ਪਾਸੇ ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਨੇ ਕਾਂਗਰਸ ਪਾਰਟੀ ਛੱਡ ਕੁਝ ਮਹੀਨੇ ਪਹਿਲਾਂ ਹੀ ‘ਆਪ’ ਵਿਚ ਸ਼ਾਮਲ ਹੋਣ ਵਾਲੇ ਰੇਤਾ ਚੋਰ ਤੇ ਭ੍ਰਿਸ਼ਟ ਆਗੂ ਹਰਦੀਪ ਸਿੰਘ ਮੁੰਡੀਆਂ ਨੂੰ ਟਿਕਟ ਦੇਣਾ ਬਹੁਤ ਗਲਤ ਫੈਸਲਾ ਹੈ।

ਉਨ੍ਹਾਂ ਕਿਹਾ ਕਿ ਅੱਜ ਇਲਾਕੇ ਦੀਆਂ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂ ਸਾਨੂੰ ਤਾਹਨੇ ਮਾਰ ਰਹੇ ਹਨ ਕਿ ਜਿਸ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਦੇ ਤੁਸੀਂ ਦਾਅਵੇ ਕਰਦੇ ਹੋ ਅੱਜ ਤੁਹਾਡੀ ਹੀ ਪਾਰਟੀ ਨੇ ਇਕ ਭ੍ਰਿਸ਼ਟ ਵਿਅਕਤੀ ਨੂੰ ਟਿਕਟ ਦਿੱਤੀ ਹੈ। ਪਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਉਹ ਬੇਸ਼ੱਕ ਟਿਕਟ ਦੇ ਦਾਅਵੇਦਾਰ ਹਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਚਾਹੀਦੀ ਬਲਕਿ ਹਲਕਾ ਸਾਹਨੇਵਾਲ ਤੋਂ ਇਕ ਈਮਾਨਦਾਰ ਅਤੇ ਪਾਰਟੀ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਵਰਕਰ ਨੂੰ ਟਿਕਟ ਦੇ ਦਿੱਤੀ ਜਾਵੇ ਤਾਂ ਉਹ ਡੱਟ ਕੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਕੰਮ ਕਰਨਗੇ। ‘ਆਪ’ ਆਗੂ ਪਰਦੀਪ ਖਾਲਸਾ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸੋਚ ’ਤੇ ਅੱਜ ਵੀ ਖੜ੍ਹੇ ਹਨ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਲੜਿਆ ਜਾਵੇ, ਇਸ ਲਈ ਉਹ ਪਾਰਟੀ ਵਲੋਂ ਦਿੱਤੇ ਭ੍ਰਿਸ਼ਟਾਚਾਰ ਆਗੂ ਖਿਲਾਫ਼ ਵੀ ਲੜਾਈ ਜ਼ਰੂਰ ਲੜਨਗੇ।


author

Gurminder Singh

Content Editor

Related News