ਆਪ ਦੇ ਐੱਮ. ਪੀ. ਵੱਲੋਂ ਖਹਿਰਾ ਨੂੰ ''ਮਰਦ ਅਗੰਮੜਾ'' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆ

Thursday, Jan 04, 2018 - 09:59 AM (IST)

ਅੰਮ੍ਰਿਤਸਰ (ਛੀਨਾ)- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਾਧੂ ਸਿੰਘ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ 'ਚ ਉਨ੍ਹਾਂ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਪੰਥਕ ਆਗੂਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਮੰਗ ਪੱਤਰ ਦਿੰਦਿਆਂ ਦੋਵਾਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪੰਥਕ ਆਗੂ ਸ਼੍ਰੋਮਣੀ ਕਮੇਟੀ ਮੈਂਬਰਾਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ ਤੇ ਪ੍ਰੋ. ਸਰਚਾਂਦ ਸਿੰਘ ਨੇ ਮੰਗ ਪੱਤਰ ਵਿਚ ਕਿਹਾ ਕਿ ਸਿੱਖ ਸਾਹਿਤ, ਇਤਿਹਾਸ ਅਤੇ ਪ੍ਰੰਪਰਾ ਵਿਚ ਮਰਦ ਅਗੰਮੜਾ ਸਿਰਫ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖੀ ਸਿਧਾਂਤ ਅਤੇ ਫਲਸਫ਼ੇ ਨੂੰ ਮੁਕੰਮਲ ਕਰਨ ਲਈ ਜਬਰ-ਜ਼ੁਲਮ ਨਾਲ ਲੋਹਾ ਲਿਆ, ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਤੇ ਖ਼ਾਲਸਾ ਸਾਜਦਿਆਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਨ੍ਹਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਮਰਦ ਅਗੰਮੜਾ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਸਕਾਰਾਂ ਤੇ ਰਹੁ-ਰੀਤਾਂ ਤੋਂ ਜਾਣੂ ਹੋਣ ਦੇ ਬਾਵਜੂਦ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਸਾਧੂ ਸਿੰਘ ਐੱਮ. ਪੀ. ਨੇ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ ਸਮੇਂ ਸਭ ਹੱਦਾਂ ਪਾਰ ਕਰਦਿਆਂ ਉਸ ਨੂੰ ਮਰਦ ਅਗੰਮੜਾ ਕਿਹਾ, ਜਿਸ ਪ੍ਰਤੀ ਖਹਿਰਾ ਵੱਲੋਂ ਵੀ ਕੋਈ ਖੰਡਨ ਨਾ ਕਰਦਿਆਂ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੇ ਕਿ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜੋ ਕਿ ਨਾ ਬਖਸ਼ਣਯੋਗ ਅਪਰਾਧ ਹੈ, ਇਸ ਲਈ ਉਕਤ ਦੋਵਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਦਿਆਂ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਮੁਤਾਬਿਕ ਸਜ਼ਾ ਦਿੱਤੀ ਜਾਵੇ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਉਕਤ ਆਗੂਆਂ ਖਿਲਾਫ਼ ਯੋਗ ਕਾਰਵਾਈ ਕਰਨ ਦਾ ਪੰਥਕ ਆਗੂਆਂ ਨੂੰ ਭਰੋਸਾ ਦਿੱਤਾ ਹੈ।
ਇਸ ਮੌਕੇ ਅਰਜਨ ਸਿੰਘ ਸੁਰਸਿੰਘ, ਭਗਵੰਤ ਸਿੰਘ ਕੋਟ ਖ਼ਾਲਸਾ, ਹਰਦੇਵ ਸਿੰਘ ਸਰਾਂ, ਸਰਪੰਚ ਸੰਤੋਖ ਸਿੰਘ ਆਦਿ ਵੀ ਮੌਜੂਦ ਸਨ।


Related News