‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਨਹੀਂ ਉਤਰੀ ਖਰੀ, ਸਬਕ ਸਿਖਾਉਣ ਦਾ ਸਮਾਂ : ਰਾਜਾ ਵੜਿੰਗ
Tuesday, Jun 14, 2022 - 03:49 PM (IST)
ਭਵਾਨੀਗੜ੍ਹ (ਵਿਕਾਸ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਲਗਾਤਾਰ ਚੋਣ ਪ੍ਰਚਾਰ ਕਰਨ ਲਈ ਜੁਟੇ ਹੋਏ ਹਨ ਅਤੇ ਮੰਗਲਵਾਰ ਨੂੰ ਵੀ ਵੜਿੰਗ ਵੱਲੋਂ ਭਵਾਨੀਗੜ੍ਹ ਇਲਾਕੇ ਦੇ ਕਰੀਬ ਇਕ ਦਰਜਨ ਪਿੰਡਾਂ ’ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਇਲਾਵਾ ਸੀਨੀਅਰ ਆਗੂ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ, ਮੋਹਿਤ ਮਹਿੰਦਰਾ ਤੇ ਵਿਜੇਇੰਦਰ ਸਿੰਗਲਾ ਵੀ ਨਾਲ ਹਾਜ਼ਰ ਰਹੇ। ਚੋਣ ਪ੍ਰਚਾਰ ਦੌਰਾਨ ਨੇੜਲੇ ਪਿੰਡ ਬਲਿਆਲ ਵਿਖੇ ਬੋਲਦਿਆਂ ਰਾਜਾ ਵੜਿੰਗ ਨੇ ਆਖਿਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ 'ਆਪ' ਨੇ ਬਦਲਾਅ ਦਾ ਝੂਠਾ ਨਾਅਰਾ ਮਾਰ ਕੇ ਲੋਕਾਂ ਨੂੰ ਉਮੀਦ ਤੋਂ ਵੱਧ ਸਬਜਬਾਗ ਦਿਖਾ ਕੇ ਧੋਖੇ ਨਾਲ ਸੱਤਾ ਤਾਂ ਹਾਸਲ ਕਰ ਲਈ ਪਰੰਤੂ ਅੱਜ ਸੂਬੇ ਦਾ ਹਰੇਕ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਤੇ ਹਤਾਸ਼ ਹੋ ਚੁੱਕਿਆ ਹੈ। ਇਸ ਕਰਕੇ ਸੂਬੇ ਦੇ ਸੂਝਵਾਨ ਲੋਕ ਕਦੇ ਵੀ 'ਆਪ' ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਉਪ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਰਹੀ ਤਾਂ ਇਸ ਵਾਰ ਸਰਕਾਰ ਦੇ ਉਲਟ ਵੋਟਾਂ ਪਾਓ ਤਾਂ ਜੋ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ।
ਕਾਂਗਰਸ ਛੱਡ ਕੇ ਭਾਜਪਾ ’ਚ ਜਾਣ ਵਾਲੇ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ’ਚ ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ’ਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੀਆਂ ਗੱਲਾਂ ਕਰਕੇ ਭਾਜਪਾ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਪਹਿਲਾਂ ਅੰਮ੍ਰਿਤਸਰ ਤੇ ਲੁਧਿਆਣਾ ਦੇ ਹਵਾਈ ਅੱਡੇ ਨੂੰ ਠੀਕ ਢੰਗ ਨਾਲ ਚਲਾ ਲਵੇ ਉਸ ਤੋਂ ਬਾਅਦ ਅਜਿਹੇ ਬਿਆਨ ਦੇਵੇ। ਉਨ੍ਹਾਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਕੁੜਤਾ ਪਜਾਮਾ ਪਾਉਣ ਵਾਲੇ ਤੇ ਲੋਕਾਂ ਦੇ ਨਕਾਰੇ ਅਜਿਹੇ ਲੀਡਰ ਹਮੇਸ਼ਾ ਝੂਠ ਬੋਲਦੇ ਹਨ ਜਿਸ ਕਰਕੇ ਉਨ੍ਹਾਂ ਇਸ ਡਰ ਤੋਂ ਪੈਂਟ ਸ਼ਰਟ ਪਾਉਣੀ ਸ਼ੁਰੂ ਕਰ ਦਿੱਤੀ।