ਆਮ ਆਦਮੀ ਪਾਰਟੀ ਪੰਜਾਬ ’ਚ ਅਮਨ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਅਸਫਲ : ਪ੍ਰੋ. ਚੰਦੂਮਾਜਰਾ
Tuesday, May 31, 2022 - 06:13 PM (IST)
ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਕਿਉਂਕਿ ਆਏ ਦਿਨ ਕਤਲ ’ਤੇ ਕਤਲ ਹੋ ਰਹੇ ਹਨ ਅਤੇ ਜਦੋਂ ਪੰਜਾਬ ਦੇ ਨਾਮੀ ਸਿੰਗਰ ਅਤੇ ਆਗੂ ਸੁਰੱਖਿਅਤ ਨਹੀਂ ਤਾਂ ਫਿਰ ਕੌਣ ਸੁਰੱਖਿਅਤ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਚੰਡੀਗੜ੍ਹ ਦੇ ਏ. ਸੀ. ਰੂਮਾਂ ਤੋਂ ਬਾਹਰ ਆਉਣ ਅਤੇ ਬਾਹਰ ਆ ਕੇ ਸਰਕਾਰ ਨੂੰ ਸੰਭਾਲਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਸੌਂਪਿਆ ਹੈ ਪਰ ਜਿਸ ਦਿਨ ਤੋਂ ਸਰਕਾਰ ਬਣੀ ਹੈ, ਮੁੱਖ ਮੰਤਰੀ ਭਗਵੰਤ ਮਾਨ ਅੰਦਰ ਹੀ ਵੜ ਕੇ ਬੈਠ ਗਏ ਹਨ ਅਤੇ ਬਾਹਰ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸ਼ਰੇਆਮ ਇੰਨੇ ਵੱਡੇ ਸਟਾਰ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਇੰਟੈਲੀਜੈਂਸੀ ਅਤੇ ਪੁਲਸ ਬੁਰੀ ਤਰ੍ਹਾਂ ਇਹ ਪਤਾ ਕਰਨ ਵਿਚ ਅਸਫਲ ਰਹੀ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕੋਈ ਆਮ ਵਿਅਕਤੀ ਨਹੀਂ ਸੀ। ਜਿਥੇ ਉਹ ਪੂਰੀ ਦੁਨੀਆ ਵਿਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ, ਉਥੇ ਕਾਂਗਰਸ ਵਲੋਂ ਮਾਨਸਾ ਤੋਂ ਚੋਣ ਵੀ ਲੜ ਚੁੱਕਾ ਸੀ ਪਰ ਸਰਕਾਰ ਨੇ ਬਿਨਾਂ ਕਿਸੇ ਰਿਪੋਰਟ ਦੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਤੇ ਅੱਜ ਪੰਜਾਬ ਨੂੰ ਇਕ ਸਿਰੇ ਵਰਗਾ ਲਾਲ ਗਵਾਉਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਅਤੇ ਲੋਕਾਂ ਨੂੰ ਜੋ ਪੰਜਾਬ ਦੇ ਭਵਿੱਖ ਦੀ ਤਸਵੀਰ ਦਿਖਾਈ ਸੀ, ਉਸ ਅਨੁਸਾਰ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਦੀ ਚਾਬੀ ਸੌਂਪ ਦਿੱਤੀ ਸੀ ਪਰ ਹੁਣ ਪਿਛਲੇ ਦੋ ਮਹੀਨੇ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਤਾਂ ਦੂਰ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨੀ ਵੀ ਮੁਸ਼ਕਲ ਹੋਈ ਪਈ ਹੈ।
ਪਿਛਲੇ ਦੋ ਤਿੰਨ ਮਹੀਨਿਆਂ ਵਿਚ ਪੰਜਾਬ ਵਿਚ ਦਰਜਨਾਂ ਹੀ ਕਤਲ ਦਿਨ ਦਿਹਾੜੇ ਹੋ ਚੁੱਕੇ ਹਨ ਤੇ ਸਰਕਾਰ ਅਜੇ ਵੀ ਇਸ ਨੂੰ ਰੂਟੀਨ ਕਾਰਵਾਈ ਕਹਿ ਕੇ ਟਾਲਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਵਿਰੋਧੀ ਧਿਰਾਂ ਦੀ ਆਲੋਚਨਾ ਕਰਕੇ ਕੰਮ ਚੱਲਣ ਵਾਲਾ ਨਹੀਂ ਕਿਉਂਕਿ ਸੱਤਾ ਦੀ ਚਾਬੀ ਉਨ੍ਹਾਂ ਦੇ ਹੱਥ ਵਿਚ ਹੈ ਤੇ ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਵੀ ਆਮ ਆਦਮੀ ਪਾਰਟੀ ਦੀ ਹੈ।