ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ‘ਆਪ’ ਦੇ ਸਮਝੋਤੇ ਦੀਆ ਖ਼ਬਰਾਂ ਨਿਰ-ਅਧਾਰ : ਪੀਰ ਮੁਹੰਮਦ
Monday, Jul 26, 2021 - 06:04 PM (IST)
ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਉਨ੍ਹਾਂ ਸਾਰੀਆ ਖ਼ਬਰਾ ਦਾ ਪਾਰਟੀ ਵੱਲੋ ਸਖ਼ਤ ਨੋਟਿਸ ਲਿਆ ਹੈ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਸਾਡੇ ਸੰਯੁਕਤ ਦਲ ਦਾ ਆਮ ਆਦਮੀ ਪਾਰਟੀ ਨਾਲ 20 ਸੀਟਾਂ ’ਤੇ ਸਮਝੌਤਾ ਹੋ ਰਿਹਾ ਹੈ ਜਾ ਹੋ ਗਿਆ ਹੈ। ਪੀਰਮੁਹੰਮਦ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਸਾਡਾ ਕਿਸੇ ਨਾਲ ਚੋਣ ਗਠਜੋੜ ਨਹੀਂ ਹੋਇਆ ਪਰ ਸਾਡੀ ਪਾਰਟੀ ਪੰਜਾਬ ਅੰਦਰ ਤੀਜਾ ਬਦਲ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਨਿਰਅਧਾਰ ਤੇ ਨਿਰਮੂਲ ਖ਼ਬਰਾਂ ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਸਮੇਤ ਕੁਝ ਹੋਰ ਹਮਖਿਆਲ ਪਾਰਟੀਆਂ ਨਾਲ ਗੱਲਬਾਤ ਜ਼ਰੂਰ ਹੋਈ ਸੀ ਪਰ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਸੀਟਾਂ ਦਾ ਜ਼ਿਕਰ ਕਰਨ ਵਾਲੀਆਂ ਮਨਘੜਤ ਕਹਾਣੀਆਂ ਬਣਾਉਣ ਤੋਂ ਮੀਡੀਆ ਦੇ ਇਕ ਹਿੱਸੇ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਜਿਹੀਆਂ ਖ਼ਬਰਾ ਲਗਾਉਣ ਤੋਂ ਗੁਰੇਜ ਕਰਨ। ਉਨ੍ਹਾਂ ਕਿਹਾ ਕਿ ਇਹ ਹਊਮੇ ਹੰਕਾਰ ਵਾਲੀ ਸੋਚ ਤਹਿਤ ਕੁੱਝ ਲੋਕ ਆਪਣੇ ਵਜ਼ਨ ਵਧਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮਾਪਣ ਵਿਚ ਵੱਡੀ ਕੁਤਾਹੀ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸੋਚ ਤੋਂ ਬਚਣਾ ਚਾਹੀਦਾ ਹੈ।