ਗਰੀਬਾਂ ਦੇ ਮਕਾਨਾਂ ਲਈ ਮਨਜ਼ੂਰ ਕਰਵਾਏ ਪੈਸੇ ’ਤੇ ਰੋਕ ਨਾ ਲਗਾਵੇ ‘ਆਪ’ ਸਰਕਾਰ : ਨਿਮਿਸ਼ਾ ਮਹਿਤਾ
Friday, Mar 25, 2022 - 04:36 PM (IST)
ਗੜ੍ਹਸ਼ੰਕਰ - ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਇਲਾਕੇ ਦੇ ਸਰਪੰਚਾਂ ਅਤੇ ਮੋਹਤਵਰਾਂ ਨਾਲ ਆਪਣੇ ਗ੍ਰਹਿ ਵਿਖੇ ਇਕ ਪੱਤਰਕਾਰ ਸੰਮੇਲਨ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਗੜ੍ਹਸ਼ੰਕਰ ਤੋਂ ‘ਆਪ’ ਦੇ ਵਿਧਾਇਕ ਨੂੰ ਅਪੀਲ ਕੀਤੀ ਕਿ ਇਲਾਕਾ ਗੜ੍ਹਸ਼ੰਕਰ ਵਿਚ ਖਸਤਾ ਹਾਲਤ ਮਕਾਨਾਂ ਦੀ ਰਿਪੇਅਰ ਲਈ 7138 ਗਰੀਬ ਪਰਿਵਾਰਾਂ ਦੀ ਮਦਦ ਲਈ ਮਨਜ਼ੂਰ ਕਰਵਾਏ 6.24 ਕਰੋੜ ਰੁਪਏ ਦੀ ਰਾਸ਼ੀ ’ਤੇ ਰੋਕ ਲਗਾ ਕੇ ਸਰਕਾਰੀ ਖਜ਼ਾਨੇ ਵਿਚ ਚੰਡੀਗੜ੍ਹ ਵਾਪਸ ਭੇਜਣ ਦੀ ਥਾਂ ਉਸ ਨੂੰ ਗਰੀਬ ਲੋਕਾਂ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਉਹ ਆਉਣ ਵਾਲੀ ਬਰਸਾਤ ਤੋਂ ਪਹਿਲਾਂ ਆਪਣੇ ਮਕਾਨਾਂ ਦੀ ਮੁਰੰਮਤ ਕਰ ਸਕਣ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨੇ ਵਾਰ-ਵਾਰ ਚੋਣਾਂ ਦੌਰਾਨ ਇਸ ਗੱਲ ਦਾ ਵਾਅਦਾ ਕੀਤਾ ਗਰੀਬਾਂ ਨੂੰ ਚੋਂਦੇ ਹੋਏ ਮਕਾਨਾਂ ਵਿਚ ਨਹੀਂ ਰਹਿਣ ਦੇਣਗੇ ਅਤੇ ਹੁਣ ਗੜ੍ਹਸ਼ੰਕਰ ਵਿਚ ਗਰੀਬਾਂ ਲਈ ਮਨਜ਼ੂਰ ਕਰਵਾਏ ਪੈਸੇ ਨੂੰ ਵੀ ਵਾਪਸ ਭੇਜਣ ’ਤੇ ਜ਼ੋਰ ਲਗਾਇਆ ਜਾ ਰਿਹਾ ਹੈ। ਨਿਮਿਸ਼ਾ ਨੇ ਕਿਹਾ ਕਿ ਇਹ ਭਾਰੀ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਗਰੀਬਾਂ ਨੇ ਬੜੀਆਂ ਆਸਾਂ ਨਾਲ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਕੇ ਉਸ ’ਤੇ ਭਰੋਸਾ ਪ੍ਰਗਟਾਇਆ ਅੱਜ ਉਹੀ ਪਾਰਟੀ ਉਨ੍ਹਾਂ ਦੇ ਘਰਾਂ ਦੀ ਰਿਪੇਅਰ ਲਈ ਮਨਜ਼ੂਰ ਕਰਵਾਏ 10-10 15-15 ਹਜ਼ਾਰ ਰੁਪਏ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੀ ਬਜਾਏ ਵਾਪਸ ਸਰਕਾਰੀ ਖਜ਼ਾਨੇ ਵਿਚ ਭੇਜ ਕੇ ਉਨ੍ਹਾਂ ’ਤੇ ਵੱਡਾ ਜ਼ੁਲਮ ਢਾਹ ਰਹੀ ਹੈ।
ਉਨ੍ਹਾਂ ਨੇ ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਨੂੰ ਅਪੀਲ ਕੀਤੀ ਕਿ ਵੋਟਾਂ ਹੁਣ ਪੰਜ ਸਾਲ ਬਾਅਦ ਆਉਣੀਆਂ ਹਨ ਅਤੇ ਉਨ੍ਹਾਂ ਨੂੰ ਇਸ ਚੀਜ਼ ਦਾ ਕੋਈ ਸਿਆਸੀ ਲਾਭ ਨਹੀਂ ਹੋਵੇਗਾ ਪਰ ਅੱਜ ਜੇਕਰ ਉਨ੍ਹਾਂ ਆਪਣੇ ਸਾਥੀਆਂ ਸਮੇਤ ਇਹ ਮੰਗ ਕੀਤੀ ਤਾਂ ਇਲਾਕੇ ਦੇ ਗਰੀਬਾਂ ਦੀ ਹਾਲਤ ਨੂੰ ਮੁੱਖ ਰੱਖ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਭਾਵੇਂ ਇਹ ਚੈੱਕ ਆਪਣੇ ਹੱਥੀਂ ਵੰਡ ਕੇ ਇਸ ਦਾ ਸਿਹਰਾ ਆਪਣੇ ਸਿਰ ਲੈ ਲੈਣ ਪਰ ਅੱਜ ਗਰੀਬਾਂ ਦੇ ਹੱਕਾਂ ਲਈ ਨਿੱਤਰ ਕੇ ਦਿਖਾਉਣ ਅਤੇ ਉਨ੍ਹਾਂ ਨੂੰ ਇਹ ਚੈੱਕ ਜਾਰੀ ਕਰਵਾਉਣ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਸਰਵਣ ਰਾਮ, ਪ੍ਰਧਾਨ ਕਰਨੈਲ ਸਿੰਘ, ਸੁਭਾਸ਼ ਸ਼ਰਮਾ, ਅਸ਼ਵਨੀ ਰਾਣਾ, ਪ੍ਰੇਮ ਰਾਣਾ, ਦਲਵਿੰਦਰ ਸਿੰਘ, ਤੀਰਥ ਕੌਰ, ਕਮਲਜੀਤ ਕੌਰ, ਮਨੋਹਰ ਲਾਲ, ਮਾਸਟਰ ਬਲਬੀਰ, ਬੁੱਧ ਰਾਮ, ਰਾਣਾ ਬੁੱਧ ਸਿੰਘ, ਉਂਕਾਰ ਸਿੰਘ, ਰਤਨ ਸਿੰਘ, ਸੋਨੂੰ ਅਰੋੜਾ ਅਤੇ ਕਈ ਹੋਰ ਸ਼ਾਮਲ ਸਨ।