ਦਿੱਲੀ ਫਤਿਹ ਕਰਨ ਤੋਂ ਬਾਅਦ ਪੰਜਾਬ ''ਚ ''ਆਪ'' ਨੇ ਖੇਡਿਆ ''ਵੱਡਾ ਪੱਤਾ''

02/29/2020 6:57:02 PM

ਚੰਡੀਗੜ੍ਹ : ਦਿੱਲੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਭਾਜਪਾ ਅਤੇ ਕਾਂਗਰਸ ਦਾ ਸੂਪੜਾ ਸਾਫ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮਾਸਟਰ ਪੱਤਾ ਖੇਡਿਆ ਹੈ। ਆਮ ਆਦਮੀ ਪਾਰਟੀ ਹਾਈਕਮਾਨ ਨੇ ਮਨੀਸ਼ ਸਿਸੋਦੀਆ ਨੂੰ ਪੰਜਾਬ ਇੰਚਾਰਜੀ ਤੋਂ ਲਾਂਭੇ ਕਰਕੇ ਸਿੱਖ ਚਿਹਰੇ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਹੈ। ਪਾਰਟੀ ਹਾਈ ਕਮਾਨ ਵਲੋਂ ਤੀਜੀ ਵਾਰ ਪੰਜਾਬ ਦਾ ਇੰਚਾਰਜ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਵੀ ਪੰਜਾਬ ਦੇ ਇੰਚਾਰਜ ਰਹਿ ਚੁੱਕੇ ਹਨ। ਜਰਨੈਲ ਸਿੰਘ ਦਿੱਲੀ ਦੇ ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਦਿੱਲੀ ਦੇ ਨੌਜਵਾਨ ਸਿੱਖ ਚਿਹਰੇ ਨੂੰ ਪੰਜਾਬ ਦੀ ਇੰਚਾਰਜੀ ਸੌਂਪ ਕੇ 'ਆਪ' ਹਾਈਕਮਾਨ ਇਕ ਤਾਂ ਦਿੱਲੀ ਲੀਡਰਸ਼ਿਪ ਪ੍ਰਤੀ ਵਰਕਰਾਂ ਅਤੇ ਲੋਕਾਂ ਦਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਦੀ ਬਹੁ-ਗਿਣਤੀ ਸਿੱਖ ਵਸੋਂ ਦਾ ਧਿਆਨ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। 

PunjabKesari

ਦੂਜੇ ਪਾਸੇ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਪੰਜਾਬ ਦੀ ਕਮਾਨ ਮਿਲਣ ਤੋਂ ਬਾਅਦ ਜਰਨੈਲ ਸਿੰਘ ਨੇ ਵੀ ਕਮਰ ਕੱਸ ਲਈ ਹੈ। ਸੂਤਰਾਂ ਮੁਤਾਬਕ ਆਉਣ ਵਾਲੇ 2-3 ਦਿਨਾਂ ਵਿਚ ਜਰਨੈਲ ਸਿੰਘ ਪੰਜਾਬ 'ਚ ਬੈਠਕ ਕਰ ਸਕਦੇ ਹਨ। ਜਰਨੈਲ ਸਿੰਘ ਨੇ ਕਿਹਾ ਕਿ ਹਾਈਕਮਾਨ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਉਹ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਰੁੱਸਿਆਂ ਨੂੰ ਮਨਾਉਣ ਦੀ ਵੀ ਯਤਨ ਕਰਨਗੇ। ਜਰਨੈਲ ਮੁਤਾਬਕ ਉਹ ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਨੂੰ ਵੀ ਨਾਲ ਆਉਣ ਦਾ ਸੱਦਾ ਦਿੱਤਾ ਹੈ। 

PunjabKesari

ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦਾ ਮਕਸਦ ਦਿੱਲੀ ਵਿਚ 'ਆਪ' ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਪੰਜਾਬ ਦੇ ਲੋਕਾਂ ਤਕ ਪਹੁੰਚਾਉਣਾ ਹੈ। ਇਕ ਟੀ. ਵੀ. ਚੈਨਲ ਨਾਲ ਦਿੱਤੇ ਇਟਰਵਿਊ ਵਿਚ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਸਰ ਪੰਜਾਬ ਦੇ ਲੀਡਰਾਂ ਲਈ ਆਪ ਮੁਖਤਿਆਰੀ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ਦਾ ਹਰ ਲੀਡਰ ਆਪਣੇ ਫੈਸਲੇ 'ਆਪ' ਲਵੇਗਾ। 

'ਆਪ' ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਇਸੇ ਸੋਚ ਨਾਲ ਪਾਰਟੀ ਦੇ ਵਿਸਥਾਰ ਲਈ ਪਾਰਟੀ ਵੱਲੋਂ ਇੱਕ ਹੈਲਪਲਾਈਨ ਨੰਬਰ 98710-10101 ਵੀ ਜਾਰੀ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਦੇਸ਼ ਭਰ ਤੋਂ ਲੋਕਾਂ ਨੇ ਪਾਰਟੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ 'ਚ 16 ਲੱਖ ਤੋਂ ਵੱਧ ਲੋਕ ਨੰਬਰ 'ਤੇ ਮਿਸ ਕਾਲ ਕਰਕੇ ਪਾਰਟੀ ਨਾਲ ਜੁੜੇ ਹਨ।


Gurminder Singh

Content Editor

Related News