ਗੁਰੂ ਰਵਿਦਾਸ ਮੰਦਰ ਢਾਹੁਣ ਦੀ ਘਟਨਾ ਨੇ ਕੇਂਦਰ ਦਾ ਚਿਹਰਾ ਜਨਤਕ ਕੀਤਾ : ''ਆਪ''

Sunday, Aug 11, 2019 - 06:51 PM (IST)

ਗੁਰੂ ਰਵਿਦਾਸ ਮੰਦਰ ਢਾਹੁਣ ਦੀ ਘਟਨਾ ਨੇ ਕੇਂਦਰ ਦਾ ਚਿਹਰਾ ਜਨਤਕ ਕੀਤਾ : ''ਆਪ''

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ ਪੰਜਾਬ ਨੇ ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਪ੍ਰਾਚੀਨ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੁਣ ਲਈ ਕੇਂਦਰ 'ਚ ਦਿੱਲੀ ਵਿਕਾਸ ਅਥਾਰਿਟੀ (ਡੀ.ਡੀ.ਏ.) ਅਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਸ਼ਨੀਵਾਰ ਨੂੰ 'ਆਪ' ਹੈਡਕੁਆਰਟਰ ਵਲੋਂ ਜਾਰੀ ਕੀਤੇ ਬਿਆਨ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ 'ਚ 'ਆਪ' ਵਿਧਾਇਕਾਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਕੰਮ ਕਰਨ ਵਾਲੀ ਦਿੱਲੀ ਵਿਕਾਸ ਅਥਾਰਿਟੀ ਵਲੋਂ ਇਤਿਹਾਸਕ ਮੰਦਰ ਨੂੰ ਢਾਹੁਣ ਦੀ ਕੀਤੀ ਗਈ ਕਾਰਵਾਈ ਨਾਲ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

'ਆਪ' ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹੋਈ ਅਜਿਹੀ ਕਾਰਵਾਈ ਨੇ ਕੇਂਦਰ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਜਨਤਕ ਕਰ ਦਿੱਤਾ ਹੈ। 'ਆਪ' ਆਗੂਆਂ ਨੇ ਗੁਰੂ ਰਵਿਦਾਸ ਜੀ ਦੇ ਮੰਦਰ ਢਾਹੁਣ ਦੇ ਰੋਸ ਵਜੋਂ ਕੀਤੇ ਜਾ ਰਹੇ ਵੱਖ-ਵੱਖ ਸੰਗਠਨਾਂ ਵਲੋਂ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।


author

Gurminder Singh

Content Editor

Related News