‘ਆਪ’ ਨੇ ਸਥਾਨਕ ਸਰਕਾਰਾਂ ਚੋਣਾਂ ਲਈ 189 ਹੋਰ ਉਮੀਦਵਾਰ ਐਲਾਨੇ

Sunday, Jan 24, 2021 - 11:22 AM (IST)

‘ਆਪ’ ਨੇ ਸਥਾਨਕ ਸਰਕਾਰਾਂ ਚੋਣਾਂ ਲਈ 189 ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਚੋਣਾਂ ਲਈ ਸ਼ਨੀਵਾਰ ਨੂੰ 17 ਥਾਂਵਾਂ ’ਤੇ 189 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਸੂਚੀ ਮੁਤਾਬਕ ਜਿਨ੍ਹਾਂ 17 ਸਥਾਨਕ ਸਰਕਾਰਾਂ ਲਈ ‘ਆਪ’ ਨੇ ਆਪਣੇ ਉਮੀਦਵਾਰ ਐਲਾਨੇ ਹਨ, ਉਨ੍ਹਾਂ ਵਿਚ ਬਰਨਾਲਾ, ਭਾਈ ਰੂਪਾ, ਭਵਾਨੀਗੜ੍ਹ, ਬੁਢਲਾਡਾ, ਦੀਨਾਨਗਰ, ਫਤਹਿਗੜ੍ਹ ਚੂੜੀਆਂ, ਫਾਜ਼ਿਲਕਾ, ਗੁਰੂ ਹਰਸਹਾਏ, ਮਲੇਰਕੋਟਲਾ, ਮਲੋਟ, ਮਾਨਸਾ, ਮਹਿਰਾਜ, ਮੋਰਿੰਡਾ, ਮੁਕਤਸਰ, ਪਠਾਨਕੋਟ, ਸੰਗਤ, ਸੁਜਾਨਪੁਰ ਸ਼ਾਮਲ ਹਨ।

ਦੱਸਣਯੋਗ ਹੈ ਕਿ ਪੰਜਾਬ ਦੀਆਂ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 14 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਐਲਾਨ ਹੋਣ ਦੇ ਨਾਲ ਹੀ ਸੂਬੇ ਦੇ ਸਾਰੇ ਚੋਣ ਹਲਕਿਆਂ ਵਿਚ `ਆਦਰਸ਼ ਚੋਣ ਜ਼ਾਬਤਾ` ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ।

ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕੰਮ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ। ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 30 ਆਈ.ਏ.ਐੱਸ./ਪੀ.ਸੀ.ਐਸ. ਨੂੰ ਚੋਣ ਅਬਜ਼ਰਵਰ ਅਤੇ 6 ਆਈ.ਪੀ.ਐੱਸ. ਅਧਿਕਾਰੀਆਂ ਨੂੰ ਪੁਲਸ ਆਬਜ਼ਰਵਰ ਲਗਾਇਆ ਗਿਆ ਹੈ।


author

Gurminder Singh

Content Editor

Related News