ਆਮ ਆਦਮੀ ਪਾਰਟੀ ਦੇ 4 ਆਗੂ ਕਾਂਗਰਸ ’ਚ ਸ਼ਾਮਲ

Tuesday, Jan 12, 2021 - 05:22 PM (IST)

ਆਮ ਆਦਮੀ ਪਾਰਟੀ ਦੇ 4 ਆਗੂ ਕਾਂਗਰਸ ’ਚ ਸ਼ਾਮਲ

ਨਾਭਾ (ਭੂਪਾ) : ਹਲਕਾ ਨਾਭਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ ਜਦੋਂ ਸਿਰਕੱਢ 4 ਆਗੂਆਂ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਦਾ ਪੱਲਾ ਫੜ ਲਿਆ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ’ਚ ਪਿੰਡ ਗਲਵੱਟੀ ਤੋਂ ਚਰਨਪ੍ਰੀਤ ਚਿੰਨੂ, ਯੁਸੂਫ ਅਲੀ ਅਤੇ ਪਿੰਡ ਹਰੀਗੜ੍ਹ ਤੋਂ ਜਗਸੀਰ ਸਿੰਘ ਅਤੇ ਪਵਨ ਦੇ ਨਾਂ ਸ਼ਾਮਲ ਹਨ। ਉਕਤ ਚਾਰੋਂ ਆਗੂਆਂ ਨੇ ਬੀਤੇ ਦਿਨੀਂ ਪਿੰਡ ਲੱਧਾਹੇੜੀ ਦੇ ਸਰਪੰਚ ਅਤੇ ਨਾਭਾ ਯੂਥ ਕਾਂਗਰਸ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਦੀ ਪ੍ਰੇਰਣਾ ਸਦਕਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਮੂਲੀਅਤ ਕੀਤੀ।

ਇਸ ਮੌਕੇ ਉਕਤ ਆਗੂਆਂ ਦਾ ਸਨਮਾਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋਗਲੀ ਨੀਤੀਆਂ ਕਾਰਣ ਆਪਣਾ ਅਕਸ ਖਤਮ ਕਰਦੀ ਜਾ ਰਹੀ ਹੈ। ਪਾਰਟੀ ਦੇ ਕੌਮੀ ਆਗੂ ਕੁੱਝ ਕਹਿੰਦੇ ਹਨ ਜਦਕਿ ਹੇਠਲੇ ਵਰਕਰ ਕੁੱਝ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਸਦੀਆਂ ਤੋਂ ਦੇਸ਼ ਦੇ ਵਿਕਾਸ ਅਤੇ ਰਾਜਨੀਤੀ ’ਚ ਆਪਣੀ ਪਹਿਚਾਣ ਨੂੰ ਮਜ਼ਬੂਤੀ ਨਾਲ ਜੋੜ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪਾਰਟੀ ’ਚ ਬਣਦਾ ਸਤਿਕਾਰ ਅਤੇ ਮਾਣ ਜ਼ਰੂਰ ਦਿੱਤਾ ਜਾਵੇਗਾ। ਇਸ ਮੌਕੇ ਨਾਭਾ ਯੂਥ ਕਾਂਗਰਸ ਪ੍ਰਧਾਨ ਅਤੇ ਸਰਪੰਚ ਮਨਜਿੰਦਰ ਸਿੰਘ ਜਿੰਦਰੀ, ਵਿਕਰਮਜੀਤ ਸਿੰਘ ਭੋਲਾ, ਜਗਦੀਪ ਚੱਠੇ ਆਦਿ ਕਾਂਗਰਸੀ ਵਰਕਰਾਂ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਲ ਹੋਏ ਉਕਤ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਕੁੱਝ ਆਗੂਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਸ ਦੇ ਆਗੂ ਲੋੜ ਪੈਣ ’ਤੇ ਨਾ ਮਿਲਦੇ ਹਨ ਅਤੇ ਨਾ ਫੋਨ ਚੁੱਕਦੇ ਹਨ ਜਦਕਿ ਕਾਂਗਰਸ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਸੂਬੇ ਨੂੰ ਵਿਕਾਸ ਦੀ ਲੀਹ ’ਤੇ ਪਾਇਆ ਹੈ। ਕਾਂਗਰਸ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਾਂਗਰਸ ’ਚ ਸ਼ਾਮਲ ਹੋਏ ਹਾਂ।


author

Gurminder Singh

Content Editor

Related News