ਮੋਦੀ ਨੂੰ ਮਿਲਣ ਦੀ ਬਜਾਏ ਰਾਜਘਾਟ ਜਾਣਾ ਕੈਪਟਨ ਦਾ ਇਕ ਹੋਰ ਡਰਾਮਾ : ਮਾਨ

Wednesday, Nov 04, 2020 - 01:43 AM (IST)

ਮੋਦੀ ਨੂੰ ਮਿਲਣ ਦੀ ਬਜਾਏ ਰਾਜਘਾਟ ਜਾਣਾ ਕੈਪਟਨ ਦਾ ਇਕ ਹੋਰ ਡਰਾਮਾ : ਮਾਨ

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਹਾ ਡਰਾਮੇਬਾਜ਼ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਬਜਾਏ ਹੁਣ ਰਾਜਘਾਟ (ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ) ਇਕ ਹੋਰ ਡਰਾਮਾ ਕਰਨ ਜਾ ਰਹੇ ਹਨ। ਮਾਨ ਅਨੁਸਾਰ ਅਜਿਹੀ ਡਰਾਮੇਬਾਜ਼ੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਅਤੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਚਾਲਾਂ ਦਾ ਹੀ ਹਿੱਸਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਲਾਮ-ਲਸ਼ਕਰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਕੋਲੋਂ ਕਿਸ ਲਈ ਮੁਲਾਕਾਤ ਮੰਗ ਰਹੇ ਹਨ। ਹਰ ਕੋਈ ਸਮਝਦਾ ਹੈ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਅਤੇ ਐੱਮ. ਐੱਸ. ਪੀ. 'ਤੇ ਕਣਕ-ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਾ ਫ਼ੈਸਲਾ ਪ੍ਰਧਾਨ ਮੰਤਰੀ ਦੇ ਹੱਥ ਹੈ। ਫਿਰ ਕੈਪਟਨ ਪ੍ਰਧਾਨ ਮੰਤਰੀ ਨੂੰ ਮਿਲਣੀ ਦੀ ਥਾਂ ਇੱਧਰ-ਉੱਧਰ ਦੀ ਡਰਾਮੇਬਾਜ਼ੀ ਕਿਸ ਨੂੰ ਬੇਵਕੂਫ਼ ਬਣਾਉਣ ਲਈ ਕਰ ਰਹੇ ਹਨ? ਅਸਲ 'ਚ ਕੈਪਟਨ ਅਮਰਿੰਦਰ ਸਿੰਘ ਬੜੀ ਚਲਾਕੀ ਨਾਲ ਕਿਸਾਨਾਂ ਨੂੰ ਭਾਵਨਾਤਮਕ ਤੌਰ 'ਤੇ ਗੁੰਮਰਾਹ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਧਾਨ ਸਭਾ 'ਚ ਮੋਦੀ ਦੇ ਕਾਨੂੰਨਾਂ 'ਚ ਸੋਧ ਕਰਨ ਦੀ ਥਾਂ ਐੱਮ. ਐੱਸ. ਪੀ. 'ਤੇ ਸਰਕਾਰੀ ਖ਼ਰੀਦ ਦੀ ਗਰੰਟੀ ਵਾਲਾ ਆਪਣਾ (ਸਟੇਟ) ਕਾਨੂੰਨ ਪਾਸ ਕੀਤਾ ਹੁੰਦਾ ਤਾਂ ਉਸ ਕਾਨੂੰਨ ਨੂੰ ਸੰਵਿਧਾਨਿਕ ਤੌਰ 'ਤੇ ਕੋਈ ਅੜਚਣ ਨਹੀਂ ਆਉਣੀ ਸੀ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮੋਦੀ ਨਾਲ ਮਿਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਭੋਲੇ-ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਥਾਂ ਮੋਦੀ ਕੋਲੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਐੱਮ. ਐੱਸ. ਪੀ. 'ਤੇ ਸਰਕਾਰੀ ਖ਼ਰੀਦ ਦੀ ਗਰੰਟੀ ਯਕੀਨੀ ਬਣਾਉਣ ਅਤੇ ਜਾਂ ਫਿਰ ਆਪਣੇ ਪੱਧਰ 'ਤੇ ਐੱਮ. ਐੱਸ. ਪੀ. 'ਤੇ ਖ਼ਰੀਦ ਦੀ ਗਰੰਟੀ ਨੂੰ ਕਾਨੂੰਨੀ ਰੂਪ ਦੇਣ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਐਨਾ ਵੀ ਨਹੀਂ ਕਰ ਸਕਦੇ ਤਾਂ ਗੱਦੀ ਛੱਡ ਦੇਣ।


 


author

Deepak Kumar

Content Editor

Related News