ਹਰਸਿਮਰਤ ਬਾਦਲ ਦੀ ਸੰਗਰੂਰ ਫੇਰੀ ਨੇ ਛੇੜੀ ਸਿਆਸੀ ਜੰਗ, ਮਾਨ ਨੇ ਕੀਤਾ ਪਲਟਵਾਰ

06/13/2018 7:52:16 AM

ਸੰਗਰੂਰ (ਰਾਜੇਸ਼ ਕੋਹਲੀ) — ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੇ ਅਕਾਲੀ ਦਲ ਆਗੂ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਇਕ-ਵਾਰ ਆਹਮੋ-ਸਾਹਮਣੇ ਹੋ ਗਏ ਹਨ। ਹਰਸਿਮਰਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਨਸ਼ੇ ਦੀ ਹਾਲਤ 'ਚ ਸੰਸਦ 'ਚ ਜਾਂਦੇ ਹਨ, ਜਿਸ ਦੇ ਖਿਲਾਫ ਆਲ ਪਾਰਟੀ ਸੰਸਦ ਮੈਂਬਰ ਲਿਖਤੀ ਤੌਰ 'ਤੇ ਸਪੀਕਰ ਨੂੰ ਪੱਤਰ ਦਿੱਤਾ ਹੈ ਕਿ ਭਗਵੰਤ ਮਾਨ ਨੂੰ ਸੰਸਦ ਦੇ ਸਦਨ ਤੋਂ ਬਾਹਰ ਕੀਤਾ ਜਾਵੇ। ਇਹ ਹੀ ਨਹੀਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਾਰਟੀ ਛੱਡਣ ਦੇ ਨਾਲ -ਨਾਲ ਇਹ ਲੋਕ ਸਭਾ ਇਲਾਕਾ ਵੀ ਛੱਡਣ ਦੇ ਚੱਕਰ 'ਚ ਹੈ। 
ਦੂਜੇ ਪਾਸੇ ਭਗਵੰਤ ਮਾਨ ਨੇ ਬੀਬੀ ਬਾਦਲ ਦੇ ਬਿਆਨਾਂ ਨੂੰ ਬੇਬੁਨਿਆਦ ਤੇ ਝੂਠਾ ਦੱਸਿਆ ਹੈ। ਮਾਨ ਨੇ ਬੀਬੀ ਬਾਦਲ ਨੂੰ ਉਹ ਚਿੱਠੀ ਦਿਖਾਉਣ ਲਈ ਕਿਹਾ, ਜੋ ਆਲ ਪਾਰਟੀ ਦੇ ਲੀਡਰਾਂ ਨੇ ਸਪੀਕਰ ਨੂੰ ਲਿਖੀ ਸੀ, ਜਿਸ 'ਚ ਉਨ੍ਹਾਂ ਨੂੰ ਸੰਸਦ ਭਵਨ ਤੋਂ ਬਾਹਰ ਕੱਢਣ ਬਾਰੇ ਲਿਖਿਆ ਗਿਆ। ਇਸ ਦੇ ਨਾਲ ਹੀ ਮਾਨ ਨੇ ਸਪਸ਼ੱਟ ਕੀਤਾ ਕਿ ਜਦੋਂ ਉਨ੍ਹਾਂ ਵਲੋਂ ਸੰਸਦ ਭਵਨ 'ਚ ਲਾਈਵ ਵੀਡੀਓ ਬਣਾਈ ਗਈ ਸੀ ਤਾਂ ਉਸ ਸਮੇਂ ਸਪੀਕਰ ਮੈਡਮ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਜਦੋਂ ਤਕ ਕਮੇਟੀ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਦੋਂ ਤਕ ਉਹ ਸੈਸ਼ਨ ਨੂੰ ਅਟੈਂਡ ਨਾ ਕਰਨ। ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਦੇ ਮੈਂਬਰ ਨੇ ਕੋਈ ਉਨ੍ਹਾਂ ਦੇ ਸੈਸ਼ਨ ਅਟੈਂਡ ਕਰਨ 'ਤੇ ਕੋਈ ਪਰੇਸ਼ਾਨੀ ਨਹੀਂ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਹ ਨਾ ਤਾਂ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ ਤੇ ਨਾ ਹੀ ਆਪਣਾ ਇਲਾਕਾ ਛੱਡ ਕੇ ਕੀਤੇ ਹੋਰ ਜਾ ਰਹੇ ਹਨ।


Related News