Fact Check : ਮੁੱਖ ਮੰਤਰੀ ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਲੈ ਕੇ ਦਿੱਤਾ ਇਹ ਬਿਆਨ?

05/23/2024 6:28:52 PM

Fact Check By newschecker

Claim

ਸੋਸ਼ਲ ਮੀਡੀਆ ‘ਤੇ ਇੱਕ ਰੀਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਖੇ ਕੀਤੀ ਰੈਲੀ ’ਚ ਦਾਅਵਾ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ 2 ਲੱਖ ਵੋਟਾਂ ਤੋਂ ਜਿੱਤ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ, “2 ਲੱਖ ‘ਤੇ ਬੀਬਾ ਜੀ 2 ਲੱਖ ‘ਤੇ” ਸ਼੍ਰੋਮਣੀ ਅਕਾਲੀ ਦਲ ਵੱਲੋਂ ਰੀਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ,‘‘ਬਠਿੰਡਾ ’ਚ ਭਗਵੰਤ ਮਾਨ ਦੇ ਮੂੰਹੋਂ ਨਿਕਲਿਆ ਸੱਚ। ਬੀਬਾ ਜੀ 2ਲੱਖ ‘ਤੇ ਜਿੱਤਣਗੇ”

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਰੋਡ ਸ਼ੋਅ ਦੌਰਾਨ ਦਿੱਤੀ ਗਈ ਸਪੀਚ ਨੂੰ ਸੁਣਿਆ। 7 ਮਈ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਰੈਲੀ ‘ਚ ਦਿੱਤੀ ਸਪੀਚ ਦਾ ਵੀਡੀਓ ਮਿਲਿਆ। ਵੀਡੀਓ ਨਾਲ ਕੈਪਸ਼ਨ ਦਿੱਤਾ ਗਿਆ ਸੀ,‘‘ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਦਾ ਉਤਸਾਹ ਅਤੇ ਪਿਆਰ। ਰੋਡ ਸ਼ੋਅ ਦੌਰਾਨ ਬਠਿੰਡਾ ਤੋਂ”

ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੀਚ ’ਚੋਂ 22 ਮਿੰਟ 28 ਸੈਕਿੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ। CM ਭਗਵੰਤ ਮਾਨ ਕਹਿੰਦੇ ਹਨ, “ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ, ਇਨ੍ਹਾਂ ਦੇ ਟੱਬਰ ‘ਚ ਇੱਕੋ ਹੀ ਰਹਿ ਗਈ, ਜਿਹੜੀ ਹਾਰੀ ਨਹੀਂ, ਬਸ ਉਹ ਕੰਮ ਕਰ ਦਿਓ ਕਿ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜਦੋਂ ਸਾਲੇ, ਜੀਜੇ, ਪੁੱਤ, ਭਤੀਜੇ ਇਕੱਠੇ ਹੋਇਆ ਕਰਣਗੇ ਤੇ ਕਹਿਣਗੇ ਕਿ ਤੂੰ ਹਾਰ ਗਿਆ ਤੇ ਤੂੰ ਕਿਹੜਾ ਜਿੱਤ ਗਿਆ, 2 ਲੱਖ ‘ਤੇ ਬੀਬਾ ਜੀ 2 ਲੱਖ ‘ਤੇ”

Conclusion 
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁਨ ਹੈ। ਸਪੀਚ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਜਿਤਾਉਣ ਦੀ। 

(Disclaimer: ਇਹ ਫੈਕਟ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Anuradha

Content Editor

Related News