ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ
Sunday, Dec 06, 2020 - 06:12 PM (IST)
 
            
            ਚੰਡੀਗੜ੍ਹ (ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੈਪਟਨ ਅਤੇ ਬਾਦਲਾਂ ਦੇ ਦਹਾਕਿਆਂ ਤੋਂ ਫ੍ਰੈਂਡਲੀ ਮੈਚ ਦੀ ਪੰਜਾਬ ਸਜ਼ਾ ਭੁਗਤ ਰਿਹਾ ਹੈ। ਖ਼ੁਸ਼ਹਾਲ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਲਈ ਕੈਪਟਨ ਅਤੇ ਬਾਦਲਾਂ ਦਾ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਜ਼ਿੰਮੇਵਾਰ ਹੈ। ਪੰਜਾਬ ਦੀ ਲੁੱਟੀ ਗਈ ਸ਼ਾਨ ਮੁੜ ਬਹਾਲ ਕਰਨ ਲਈ ਭ੍ਰਿਸ਼ਟਾਚਾਰ ਮੁਕਤ ਅਤੇ ਸੱਚੀ-ਸੁੱਚੀ ਨੀਅਤ ਵਾਲੀ ਸਰਕਾਰ ਦੀ ਜ਼ਰੂਰਤ ਹੈ।ਇਸ ਲਈ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਮਾਡਲ ਹੀ ਇਕਲੌਤਾ ਬਦਲ ਹੈ। ਕੈਪਟਨ ਅਮਰਿੰਦਰ ਨੂੰ ਸੰਬੋਧਨ ਹੁੰਦਿਆਂ ਮਾਨ ਨੇ ਕਿਹਾ ਕਿ ਤੁਸੀਂ 13 ਸਾਲਾਂ ਤੋਂ ਅਦਾਲਤੀ ਕੇਸਾਂ ਦਾ ਹਵਾਲਾ ਦੇ ਕੇ ਕਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਲਈ ਵਾਰੀ ਬੰਨ੍ਹ ਕੇ ਸੱਤਾ ਹਾਸਲ ਕਰਨ ਲਈ ਪਿਛਲੇ 19 ਸਾਲਾਂ ਤੋਂ ਫ੍ਰੈਂਡਲੀ ਮੈਚ ਖੇਡ ਰਹੇ ਹੋ।
ਇਹ ਵੀ ਪੜ੍ਹੋ: ਸਾਦਿਕ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਕੋਈ ਸਾਫ਼ ਨੀਅਤ ਅਤੇ ਨੀਤੀਆਂ ਵਾਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਈ ਹੁੰਦੀ ਤਾਂ ਅੰਨ੍ਹੇਵਾਹ ਭ੍ਰਿਸ਼ਟਾਚਾਰ ਕਰਨ ਵਾਲੇ ਕੈਪਟਨ ਅਤੇ ਬਾਦਲ ਟੱਬਰਾਂ ਸਮੇਤ ਸਲਾਖ਼ਾਂ ਪਿੱਛੇ ਹੁੰਦੇ। ਭਗਵੰਤ ਮਾਨ ਨੇ ਕੈਪਟਨ ਨੂੰ ਪੁੱਛਿਆ ਕਿ ਬਾਦਲਾਂ ਦੇ 3500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਦੋਸ਼ਾਂ ਤਹਿਤ 2002 ਵਿਚ ਦਰਜ ਕੀਤੇ ਗਏ ਕੇਸ ਦਾ ਕੀ ਬਣਿਆ? ਜਦੋਂ ਬਾਦਲਾਂ ਵਿਰੁੱਧ ਸਾਰੇ ਨਿੱਜੀ ਅਤੇ ਸਰਕਾਰੀ ਗਵਾਹ ਮੁੱਕਰ ਰਹੇ ਸਨ ਤਾਂ ਕੈ. ਅਮਰਿੰਦਰ ਸਿੰਘ ਚੁੱਪ ਕਿਉਂ ਬੈਠੇ ਰਹੇ? ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕੀਤਾ ਜਾਵੇ ਕਿ 2017 ਵਿਚ ਮੁੜ ਸੱਤਾ ਵਿਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਬਾਦਲਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਮੁੜ ਕਿਉਂ ਨਹੀਂ ਖੋਲ੍ਹਿਆ? ਉਨ੍ਹਾਂ ਸਰਕਾਰੀ ਅਫ਼ਸਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜੋ ਬਾਦਲਾਂ ਖ਼ਿਲਾਫ਼ ਗਵਾਹੀ ਦੇਣ ਤੋਂ ਮੁੱਕਰ ਗਏ ਸਨ?
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਸਿੰਗਲਾ ਨੇ ਇੱਕ ਮਹੀਨੇ ਦੀ ਤਨਖ਼ਾਹ ਕਿਸਾਨੀ ਸੰਘਰਸ਼ ਨੂੰ ਕੀਤੀ ਸਮਰਪਿਤ
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਨਵੇਂ ਅਤੇ ਪੁਰਾਣੇ ਕੇਸਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਕੇਸਾਂ ਨੂੰ ਇਸ ਕਰਕੇ ਠੰਢੇ ਬਸਤੇ ਵਿਚ ਸੁੱਟ ਦਿੱਤਾ ਕਿਉਂਕਿ ਫ੍ਰੈਂਡਲੀ ਮੈਚ ਅਨੁਸਾਰ ਬਾਦਲਾਂ ਨੇ ਕੈ. ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਇੰਟਰਨੈੱਟ ਘਪਲਾ, ਅੰਮ੍ਰਿਤਸਰ ਇੰਪਰੂਵਮੈਂਟ ਸਕੈਂਡਲ ਅਤੇ ਲੁਧਿਆਣਾ ਸਿਟੀ ਸੈਂਟਰ ਘਪਲੇ ਵਿਚ ਕੈਪਟਨ ਪਰਿਵਾਰ ਨੂੰ ਉਸੇ ਤਰ੍ਹਾਂ ਮਦਦ ਕੀਤੀ, ਜਿਵੇਂ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਜੁੜੇ ਹੋਰ ਮਾਮਲਿਆਂ ਵਿਚ ਬਾਦਲਾਂ ਦੀ ਮਦਦ ਕੀਤੀ। ਮਾਨ ਮੁਤਾਬਿਕ ਜੇਕਰ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੁੰਦੀ ਤਾਂ ਵੀ ਕੈਪਟਨ ਅਤੇ ਬਾਦਲ ਪਰਿਵਾਰਾਂ ਦੇ ਮੈਂਬਰ ਸੱਤਾ ਭੋਗਣ ਦੀ ਥਾਂ ਜੇਲਾਂ ਵਿਚ ਹੁੰਦੇ।ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਤੇ ਪੂਰੀ ਆਮ ਆਦਮੀ ਪਾਰਟੀ ਕਿਸਾਨਾਂ ਦੀ ਸੇਵਾਦਾਰ ਬਣਕੇ ਕੰਮ ਕਰ ਰਹੀ ਹੈ ਪਰ ਕੈਪਟਨ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਵਿਰੁੱਧ ਡਟਣ ਦੀ ਥਾਂ ਅਰਵਿੰਦ ਕੇਜਰੀਵਾਲ ਖ਼ਿਲਾਫ਼ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਹੁਣ ਬਾਬਾ ਸੇਵਾ ਸਿੰਘ ਨੇ ਕੀਤਾ 'ਪਦਮ ਵਿਭੂਸ਼ਣ' ਐਵਾਰਡ ਵਾਪਸ ਕਰਨ ਦਾ ਐਲਾਨ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            