ਟਕਸਾਲੀਆਂ ਦੀ ''ਆਪ'' ਨਾਲ ਯਾਰੀ ਨੇ ਖਹਿਰਾ ਦਾ ਵਧਾਇਆ ''ਪਾਰਾ''

Saturday, Mar 02, 2019 - 06:37 PM (IST)

ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿਚਾਲੇ ਚੱਲ ਰਹੀ ਗਠਜੋੜ ਦੀ ਚਰਚਾ ਦਰਮਿਆਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੱਡਾ ਹਮਲਾ ਬੋਲਿਆ ਹੈ। ਖਹਿਰਾ ਨੇ ਕਿਹਾ ਕਿ ਗਠਜੋੜ ਦਾ ਅਧਿਕਾਰ ਹਰ ਪਾਰਟੀ ਨੂੰ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਅਕਸ ਗਵਾ ਚੁੱਕੀ ਹੈ ਅਤੇ 'ਆਪ' ਦਾ ਸਾਰਾ ਕੇਡਰ ਪੰਜਾਬ ਏਕਤਾ ਪਾਰਟੀ ਨਾਲ ਚੁੱਕਾ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮੁੱਢਲੇ ਅਸੂਲਾਂ ਤੋਂ ਭਟਕ ਚੁੱਕੀ ਹੈ, ਜਿਸ ਕਾਰਨ ਸਾਰੇ ਵਾਲੰਟੀਅਰ ਤੇ ਵਰਕਰ ਵੀ ਉਨ੍ਹਾਂ ਦੇ ਹੱਕ 'ਚ ਹਨ। ਜੇਕਰ ਟਕਸਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੁੰਦਾ ਵੀ ਹੈ ਤਾਂ ਇਸ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। 
ਇਸ ਦੇ ਨਾਲ ਹੀ ਖਹਿਰਾ ਨੇ ਸਾਫ ਕੀਤਾ ਕਿ ਟਕਸਾਲੀਆਂ ਵਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਜਲਦਬਾਜ਼ੀ ਵਿਚ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਜਦਕਿ ਇਸ ਸੀਟ 'ਤੇ ਜ਼ਿਆਦਾ ਹੱਕ ਬਸਪਾ ਦਾ ਬਣਦਾ ਸੀ। ਇਸੇ ਕਾਰਨ ਡੈਮੋਕ੍ਰੇਟਿਕ ਫਰੰਟ ਨੇ ਆਪਣੇ ਆਪ ਨੂੰ ਟਕਸਾਲੀਆਂ ਤੋਂ ਵੱਖ ਕਰ ਲਿਆ। ਖਹਿਰਾ ਨੇ ਕਿਹਾ ਕਿ ਅਜੇ ਵੀ ਜੇਕਰ ਟਕਸਾਲੀ ਚਾਹੁਣ ਤਾਂ ਫਰੰਟ ਦਾ ਹਿੱਸਾ ਬਣ ਸਕਦੇ ਹਨ।


Gurminder Singh

Content Editor

Related News