ਰੂਪਨਗਰ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਦੂਜੇ ਦਿਨ ਹੀ ਦਿੱਤਾ ਅਸਤੀਫ਼ਾ

Friday, Aug 19, 2022 - 06:06 PM (IST)

ਰੂਪਨਗਰ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਦੂਜੇ ਦਿਨ ਹੀ ਦਿੱਤਾ ਅਸਤੀਫ਼ਾ

ਰੂਪਨਗਰ (ਕੈਲਾਸ਼)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ 75ਵੇਂ ਅਜ਼ਾਦੀ ਦਿਹਾੜੇ ਮੌਕੇ ਪੰਜਾਬ ’ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ। ਜਿਸ ਤਹਿਤ ਰੂਪਨਗਰ ਸ਼ਹਿਰ ’ਚ ਵੀ ਦੋ ਆਮ ਆਦਮੀ ਕਲੀਨਿਕ ਸ਼ੁਰੂ ਹੋਏ। ਮਲਹੋਤਰਾ ਕਾਲੋਨੀ ’ਚ 15 ਅਗਸਤ ਨੂੰ ਸ਼ੁਰੂ ਹੋਏ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬੜੇ ਜ਼ੋਰ ਸ਼ੋਰ ਨਾਲ ਕੀਤਾ ਸੀ ਪਰ ਦੋ ਦਿਨਾਂ ਬਾਅਦ ਹੀ ਉਕਤ ਕਲੀਨਿਕ ’ਚ ਤਾਇਨਾਤ ਕੀਤੇ ਗਏ ਡਾਕਟਰ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ, ਜੋ ਸ਼ਹਿਰ ’ਚ ਅੱਗ ਲੱਗਣ ਜਿਹੀ ਘਟਨਾ ਤਰ੍ਹਾਂ ਚਰਚਾ ਦਾ ਵਿਸ਼ਾ ਬਣ ਗਿਆ।

ਇਹ ਵੀ ਪੜ੍ਹੋ: 7 ਸਾਲ ਦੀ ਉਮਰ 'ਚ ਵੱਡੀਆਂ ਬੁਲੰਦੀਆਂ ਛੂਹਣ ਵਾਲੀ ਰੂਪਨਗਰ ਦੀ ਮਾਊਂਟੇਨੀਅਰ ਸਾਨਵੀ ਸੂਦ ਨੂੰ CM ਮਾਨ ਨੇ ਕੀਤਾ ਸਨਮਾਨਤ

ਜਾਣਕਾਰੀ ਅਨੁਸਾਰ ਉਕਤ ਕਲੀਨਿਕ ’ਚ ਪਹਿਲੇ ਦਿਨ 16 ਅਗਸਤ ਨੂੰ 54 ਮਰੀਜ਼ ਵੇਖਣ ਦਾ ਸਮਾਚਾਰ ਸੀ ਪਰ 18 ਅਗਸਤ ਨੂੰ ਡਾਕਟਰ ਦੇ ਅਚਾਨਕ ਤਿਆਗ ਪੱਤਰ ਦੇਣ ਤੋਂ ਬਾਅਦ ਕਲੀਨਿਕ ’ਚ ਨਾ ਪਹੁੰਚਣ ਦੀ ਖ਼ਬਰ ਸ਼ਹਿਰ ਚ ਫੈਲ ਗਈ, ਜਦਕਿ ਵੀਰਵਾਰ ਵੀ ਉਕਤ ਕਲੀਨਿਕ ’ਚ ਵੱਡੀ ਗਿਣਤੀ ’ਚ ਮਰੀਜ਼ ਡਾਕਟਰ ਦੇ ਇੰਤਜ਼ਾਰ ’ਚ ਬੈਠੇ ਹੋਏ ਸਨ, ਜਿਉਂ ਹੀ ਡਾਕਟਰ ਦੀ ਗ਼ੈਰ-ਹਾਜ਼ਰੀ ਦੀ ਖ਼ਬਰ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ’ਚ ਹਫ਼ੜਾ-ਦਫ਼ੜੀ ਪੈ ਗਈ। ਜਿਸ ’ਤੇ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਤੁਰੰਤ ਜ਼ਿਲ੍ਹਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਨੂੰ ਇਕ ਡਾਕਟਰ ਉੱਥੇ ਤਾਇਨਾਤ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਕੀ ਕਹਿੰਦੇ ਹਨ ਸਿਵਲ ਸਰਜਨ

ਇਸ ਸਬੰਧੀ ਜਦ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ ਡਾਕਟਰਾਂ ਦੀ ਨਿਯੁਕਤੀ ਸਿਹਤ ਮਹਿਕਮੇ ਦੇ ਐੱਮ. ਡੀ. ਵੱਲੋਂ ਕੀਤੀ ਗਈ ਹੈ ਅਤੇ ਉਕਤ ਸਬੰਧਤ ਤਿਆਗ ਪੱਤਰ ਵੀ ਉੱਚ ਅਧਿਕਾਰੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਨੂੰ ਵੇਖਦਿਆਂ ਜ਼ਿਲ੍ਹਾ ਹਸਪਤਾਲ ਦੀ ਈ. ਐੱਮ. ਓ. ਡਾ. ਹਰਲੀਨ ਕੌਰ ਨੂੰ ਜ਼ਿਲ੍ਹਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਵੱਲੋਂ ਤੁਰੰਤ ਉਕਤ ਆਮ ਆਦਮੀ ਕਲੀਨਿਕ ’ਚ ਭੇਜਿਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਉਹ ਆਪ ਵੀ ਮੌਕੇ ’ਤੇ ਗਏ ਸਨ ਅਤੇ ਵੀਰਵਾਰ ਉਕਤ ਕਲੀਨਿਕ ’ਚ 45 ਮਰੀਜ਼ਾਂ ਦੀ ਜਾਂਚ ਕੀਤੀ ਗਈ। ਦੂਜੇ ਪਾਸੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਸਬੰਧਤ ਡਾਕਟਰ ਦਾ ਉੱਚ ਸਿੱਖਿਆ (ਐੱਮ. ਡੀ.) ਕਰਨ ਲਈ ਸਿਲੈਕਸ਼ਨ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਤਿਆਗ ਪੱਤਰ ਦੇ ਦਿੱਤਾ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News