10 ਸੇਵਾ ਕੇਂਦਰਾਂ ''ਚ ਆਧਾਰ ਕਾਰਡ ਬਣਾਉਣ ਲਈ ਚੱਲ ਰਹੀਆਂ ਕੁੱਲ 10 ਮਸ਼ੀਨਾਂ : ਡੀ. ਸੀ.
Thursday, Nov 16, 2017 - 11:49 AM (IST)
ਤਰਨਤਾਰਨ ( ਰਾਜੂ, ਬਲਵਿੰਦਰ ਕੌਰ) - ਜ਼ਿਲਾ ਤਰਨਤਾਰਨ ਦੇ ਹੁਣ ਤੱਕ ਕੁੱਲ 11 ਲੱਖ 81 ਹਜ਼ਾਰ 214 ਨਾਗਰਿਕਾਂ ਦੇ ਆਧਾਰ ਕਾਰਡ ਬਣਾਏ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਇਸ ਸਬੰਧੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਆਂਗਣਵਾੜੀ ਵਰਕਰਾਂ ਵੱਲੋਂ 0 ਤੋਂ 5 ਸਾਲ ਦੇ ਕੁੱਲ 64728 ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਦੌਰਾਨ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਸਿਵਲ ਹਸਪਤਾਲ ਤਰਨਤਾਰਨ, ਕਸੇਲ, ਖੇਮਕਰਨ, ਸਰਹਾਲੀ ਅਤੇ ਸੁਰਸਿੰਘ, ਨਵ-ਜਨਮੇ 180 ਬੱਚਿਆਂ ਦੇ ਆਧਾਰ ਕਾਰਡ ਬਣਾਏ ਗਏ ਹਨ। ਜ਼ਿਲੇ ਦੇ ਨਾਗਰਿਕਾਂ ਦੇ ਆਧਾਰ ਕਾਰਡ ਬਣਾਉਣ ਲਈ ਇਸ ਸਮੇਂ ਸੇਵਾ ਕੇਂਦਰਾਂ ਵਿਚ ਕੁੱਲ 10 ਮਸ਼ੀਨਾਂ ਚੱਲ ਰਹੀਆਂ ਹਨ। ਇਹ ਮਸ਼ੀਨਾਂ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ, ਖੇਮਕਰਨ, ਭਿੱਖੀਵਿੰਡ, ਠੱਕਰਪੁਰਾ, ਮੀਆਂਵਿੰਡ, ਵਰਨਾਲਾ, ਪੱਟੀ, ਜੋੜ ਸਿੰਘ ਵਾਲਾ, ਬਾਲਾਚੱਕ ਅਤੇ ਜਹਾਂਗੀਰ ਵਿਖੇ ਚੱਲ ਰਹੇ ਸੇਵਾ ਕੇਂਦਰਾਂ 'ਚ ਲਗਾਈਆਂ ਜਾਣਗੀਆਂ, ਜਿਥੇ ਆ ਕੇ ਲੋਕ ਆਪਣਾ ਆਧਾਰ ਕਾਰਡ ਬਣਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਵੱਲੋਂ ਸਰਕਾਰੀ ਦਫ਼ਤਰਾਂ 'ਚ ਕੁੱਲ 33 ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ, ਜੋ ਕਿ 4 ਸਰਕਾਰੀ ਹਸਪਤਾਲਾਂ, 8 ਬਲਾਕ ਐਜੂਕੇਸ਼ਨ ਦਫ਼ਤਰਾਂ, 8 ਆਂਗਣਵਾੜੀ ਦਫ਼ਤਰਾਂ, 8 ਬੀ.ਡੀ.ਪੀ.ਓ. ਦਫ਼ਤਰਾਂ ਅਤੇ 5 ਸਰਕਾਰੀ ਸਕੂਲਾਂ 'ਚ ਲਾਈਆਂ ਜਾਣਗੀਆਂ। ਉਨ੍ਹਾਂ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਬਣੇ, ਉਹ ਆਪਣੇ ਆਧਾਰ ਕਾਰਡ ਬਣਾਉਣ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੇ ਸਹੂਲਤਾਂ ਦਾ ਉਨ੍ਹਾਂ ਨੂੰ ਲਾਭ ਮਿਲ ਸਕੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ (ਜਨਰਲ) ਹਰਚਰਨ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਮਤੀ ਹਰਦੀਪ ਕੌਰ, ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
