ਆਦਮਪੁਰ ਤੋਂ ਪਹਿਲੀ ਘਰੇਲੂ ਹਵਾਈ ਉਡਾਣ ਨੂੰ ਮਿਲਿਆ ਭਰਵਾਂ ਹੁੰਗਾਰਾ

04/26/2018 1:25:42 PM

ਜਲੰਧਰ/ਆਦਮਪੁਰ (ਅਮਿਤ, ਕਮਲਜੀਤ, ਦਿਲਬਾਗੀ)— ਆਦਮਪੁਰ ਸਿਵਲ ਹਵਾਈ ਅੱਡੇ ਤੋਂ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਘਰੇਲੂ ਉਡਾਣ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਪਹਿਲੀ ਉਡਾਣ ਤੋਂ ਇਕ ਹਫਤਾ ਪਹਿਲਾਂ ਹੀ 90 ਫੀਸਦੀ ਟਿਕਟਾਂ ਬੁੱਕ ਹੋ ਚੁੱਕੀਆਂ ਹਨ। 
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਆਦਮਪੁਰ ਹਵਾਈ ਅੱਡੇ ਤੋਂ ਸ਼ੁਰੂ ਹੋ ਰਹੀ ਉਡਾਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਉਨ੍ਹਾਂ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਸਪਾਈਸ ਜੈੱਟ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਕਿ ਪਹਿਲੀ ਉਡਾਣ ਸਬੰਧੀ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਲੋਕਾਂ ਵੱਲੋਂ ਉਡਾਣ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੱਡੀ ਗਿਣਤੀ 'ਚ ਟਿਕਟਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਰਮਾ ਨੇ ਏਅਰਪੋਰਟ ਦੇ ਸਟਾਫ ਨੂੰ ਇਸ ਸਬੰਧੀ ਕੀਤੇ ਜਾ ਰਹੇ ਸਮਾਗਮ ਨੂੰ ਸਫਲ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਇਸ ਮੌਕੇ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਸਟੇਸ਼ਨ ਡਾਇਰੈਕਟਰ ਕੇਵਲ ਕ੍ਰਿਸ਼ਨ, ਸਟੇਸ਼ਨ ਇੰਚਾਰਜ ਸਪਾਈਸ ਜੈੱਟ ਰਾਜਨ ਪ੍ਰਭਾਕਰ, ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।


Related News