ਨੌਜਵਾਨਾਂ ਦਾ ਸ਼ਲ਼ਾਘਾਯੋਗ ਉਪਰਾਲਾ, ਕੋਰੋਨਾ ਤੋਂ 20-25 ਪਿੰਡਾਂ ਦੇ ਲੋਕਾਂ ਨੂੰ ਇਸ ਤਰੀਕੇ ਬਚਾ ਰਹੇ
Thursday, Apr 23, 2020 - 03:30 PM (IST)
ਬਰਨਾਲਾ - ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਪਿੰਡ ਦੇ ਨੌਜਵਾਨਾਂ ਵਲੋਂ ਸਹਾਰਾ ਲੈਬ (ਲੈਬਾਰਟਰੀ) ਚਲਾਈ ਜਾ ਰਹੀ ਹੈ। ਜਿਸ ਵਿਚ ਹਰ ਤਰਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਟੈਸਟ ਕਰਵਾਉਣ ਲਈ ਲੈਬ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਾਸਕ ਵੀ ਦਿੱਤੇ ਜਾ ਰਹੇ ਹਨ। ਇਸ ਦੌਰਾਨ ਸਮਾਜਕ ਦੂਰੀ ਦਾ ਧਿਆਨ ਰੱਖਿਆ ਵੀ ਜਾਂਦਾ ਹੈ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪਿੰਡ ਵਾਲੀਆਂ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ ਜਾ ਰਹੇ ਹਨ। ਸਿਰਫ ਇਸ ਪਿੰਡ ਦੇ ਲੋਕ ਹੀ ਨਹੀਂ ਸਗੋਂ ਲਗਭਗ 20 ਤੋਂ 25 ਪਿੰਡ ਇਸ ਲੈਬਾਰਟਰੀ ਦਾ ਲਾਭ ਲੈ ਰਹੇ ਹਨ।
ਇਥੇ ਇਕ ਪਾਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਫਸ ਗਈ ਦੱਸਿਆ ਜਾਂਦਾ ਹੈ ਅਤੇ ਨੌਜਵਾਨ ਵੀ ਨਸ਼ਿਆਂ ਦੀ ਜ਼ਿਆਦਾ ਮਾਤਰਾ ਕਾਰਨ ਲਗਾਤਾਰ ਮਰ ਵੀ ਰਹੇ ਹਨ।ਇਸ ਪਹਿਲੂ ਨੂੰ ਝੂਠ ਸਾਬਤ ਕਰਦੇ ਜਿਲਾ ਬਰਨਾਲਾ ਦੇ ਪਿੰਡ ਦਿਵਾਨਾ ਦੇ ਨੌਜਵਾਨਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਕੋਰੋਨਾ ਵਿਸ਼ਾਣੂ ਵਿਰੁੱਧ ਆਪਣੀ ਜ਼ਿੰਮੇਵਾਰੀ ਸਮਝਦਿਆਂ ਸੇਵਾ ਸ਼ੁਰੂ ਕੀਤੀ ਹੈ।ਪਿੰਡ ਵਿਚ ਪਿਛਲੇ 7 ਸਾਲਾਂ ਤੋਂ ਚੱਲ ਰਹੀ ਸਹਾਰਾ ਲੈਬੋਰਟਰੀ ਨੂੰ ਪਿੰਡ ਵਾਲਿਆਂ ਦੇ ਸਹਿਯੋਗ ਅਤੇ ਐਨ.ਆਰ.ਆਈ. ਪਰਿਵਾਰਾਂ ਦੀ ਸਹਾਇਤਾ ਨਾਲ ਪਿਛਲੀ 22 ਤਾਰੀਖ ਤੋਂ ਲਾਕਡਾਉਨ ਦੇ ਕਾਰਨ ਇਸ ਲੈਬ ਨੂੰ ਮੁਫਤ ਕਰ ਦਿੱਤਾ ਗਿਆ ਹੈ। ਹੁਣ ਇਸ ਲੈਬ ਵਿਚ ਮੈਡੀਕਲ ਟੈਸਟ ਵੀ ਮੁਫਤ ਵਿਚ ਕੀਤੇ ਜਾਂਦੇ ਹਨ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।ਹੁਣ ਇਸ ਲੈਬ ਦਾ ਲਾਭ ਆਸਪਾਸ ਦੇ ਤਕਰੀਬਨ 20 ਤੋਂ 25 ਪਿੰਡਾਂ ਨੂੰ ਵੀ ਮਿਲ ਰਿਹਾ ਹੈ ਕਿਉਂਕਿ ਇਸ ਢੰਗ ਦੀ ਲੈਬ ਆਸਪਾਸ ਦੇ ਕਿਸੇ ਪਿੰਡ ਵਿਚ ਨਹੀਂ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਦਿਨ ਰਾਤ ਲੋਕਾਂ ਨੂੰ ਵਿਸ਼ਾਣੂ ਤੋਂ ਬਚਾਉਣ ਲਈ ਸੈਨੇਟਾਈਜ਼ ਕਰ ਰਹੇ ਹਨ ਅਤੇ ਜਿਹੜੇ ਲੋਕਾਂ ਕੋਲ ਮਾਸਕ ਨਹੀਂ ਹੈ ਉਨ੍ਹਾਂ ਨੂੰ ਮਾਸਕ ਵੀ ਦਿੰਦੇ ਹਨ। ਕਣਕ ਦਾ ਮੌਸਮ ਚੱਲ ਰਿਹਾ ਹੈ। ਨੇੜਲੇ ਪਿੰਡਾਂ ਤੋਂ ਆਉਣ ਵਾਲੇ ਸਾਰੇ ਕਿਸਾਨਾਂ ਨੂੰ ਸੈਨੇਟਾਈਜ਼ ਕਰਕੇ ਮਾਸਕ ਦਿੱਤੇ ਜਾ ਰਹੇ ਹਨ।