ਨੌਜਵਾਨ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

02/23/2018 7:13:06 AM

ਲੁਧਿਆਣਾ, (ਮਹੇਸ਼)- ਸਲੇਮ ਟਾਬਰੀ ਦੇ ਭਗਤ ਸਿੰਘ ਕਾਲੋਨੀ ਇਲਾਕੇ ਵਿਚ ਵੀਰਵਾਰ ਨੂੰ ਬਾਈਕ ਟਕਰਾਉਣ ਦੌਰਾਨ ਪੈਦਾ ਹੋਏ ਝਗੜੇ ਵਿਚ ਇਕ ਧਿਰ ਦੇ ਲੋਕਾਂ ਨੇ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਇਸ ਜ਼ਖਮੀ ਨੌਜਵਾਨ ਪਿੰਟੂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਉਨ੍ਹਾਂ ਨੌਜਵਾਨਾਂ ਦੇ ਕੋਲ ਖੜ੍ਹਾ ਸੀ, ਜਿਨ੍ਹਾਂ ਦਾ ਬਾਈਕ ਦੂਜੀ ਧਿਰ ਦੇ ਲੋਕਾਂ ਨਾਲ ਟਕਰਾਇਆ ਸੀ। ਪਿੰਟੂ ਨੇ ਸਿਵਲ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਨ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਬਾਅਦ ਦੁਪਹਿਰ ਬਾਈਕ ਟਕਰਾਉਣ ਨੂੰ ਲੈ ਕੇ 2 ਧਿਰਾਂ ਵਿਚ ਝਗੜਾ ਹੋ ਗਿਆ ਸੀ। ਇਸੇ ਦੌਰਾਨ ਇਕ ਧਿਰ ਦੇ ਲੋਕ ਆਪਣਾ ਬਾਇਕ ਉੱਥੇ ਹੀ ਖੜ੍ਹਾ ਕਰ ਕੇ ਚਲੇ ਗਏ। ਸ਼ਾਮ ਕਰੀਬ 4 ਵਜੇ ਉਹ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਸਾਥੀਆਂ ਦੇ ਨਾਲ ਵਾਪਸ ਪੁੱਜੇ, ਜਿਨ੍ਹਾਂ ਨੂੰ ਦੇਖ ਕੇ ਉਹ ਨੌਜਵਾਨ ਤਾਂ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਟੱਕਰ ਹੋਈ ਸੀ, ਜਦੋਂਕਿ ਪਿੰਟੂ ਉਨ੍ਹਾਂ ਦੇ ਹੱਥ ਲੱਗ ਗਿਆ, ਜਿਸ ਨੂੰ ਉਨ੍ਹਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਪਿੰਟੂ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਜਿਨ੍ਹਾਂ ਨੌਜਵਾਨਾਂ ਕੋਲ ਉਹ ਖੜ੍ਹਾ ਸੀ, ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋਇਆ ਹੈ। ਉਹ ਤਾਂ ਸਿਰਫ ਆਪਣਾ ਮੋਬਾਇਲ ਵਾਈਬਰੇਟ ਤੋਂ ਹਟਾਉਣ ਲਈ ਉਨ੍ਹਾਂ ਦੇ ਕੋਲ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦਾ, ਹਮਲਾਵਰਾਂ ਨੇ ਉਸ ਨੂੰ ਉਨ੍ਹਾਂ ਦਾ ਸਾਥੀ ਸਮਝ ਕੇ ਹਮਲਾ ਕਰ ਦਿੱਤਾ।


Related News