ਸਿਹਤ ਵਿਭਾਗ ਦੀ ਟੀਮ ਵੱਲੋਂ ਕਰਿਆਨੇ ਦੀਆਂ ਦੁਕਾਨਾਂ ''ਤੇ ਛਾਪੇਮਾਰੀ

04/25/2018 12:50:39 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ/ਜਗਸੀਰ)-  ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਅੱਜ ਨਿਹਾਲ ਸਿੰਘ ਵਾਲਾ ਵਿਖੇ ਕਰਿਆਨੇ ਦੀਆਂ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ ਗਈ, ਜਿਸ ਕਾਰਨ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ ਤੇ ਵੱਡੀ ਪੱਧਰ 'ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਫੂਡ ਸੇਫਟੀ ਇੰਸਪੈਕਟਰ ਮੋਗਾ ਦੀ ਅਗਵਾਈ 'ਚ ਅੱਜ ਨਿਹਾਲ ਸਿੰਘ ਵਾਲਾ ਵਿਖੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਦੋ ਕਰਿਆਨੇ ਦੀਆਂ ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ, ਜਿਨ੍ਹਾਂ 'ਚ ਐੱਮ. ਐੱਸ. ਜੀ. ਦੀ ਦੁਕਾਨ ਤੋਂ ਦਿੱਲੀ ਦੀ ਫੈਕਟਰੀ ਦਾ ਬਣਿਆ ਸਰ੍ਹੋਂ ਦਾ ਤੇਲ ਤੇ ਇਕ ਦੁਕਾਨ ਤੋਂ ਦੇਸੀ ਘਿਉ ਦਾ ਸੈਂਪਲ ਭਰਿਆ ਗਿਆ, ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰ ਕੇ ਟੀਮ ਦਾ ਵਿਰੋਧ ਕੀਤਾ ਗਿਆ। 
ਇਸ ਮੌਕੇ ਪੰਚ ਕ੍ਰਿਸ਼ਨ ਕੁਮਾਰ, ਦੀਪਕ ਕੁਮਾਰ, ਜਗਦੀਸ਼ ਰਾਏ ਮਿੱਤਲ, ਵਿਨੋਦ ਕੁਮਾਰ ਕਾਲਾ, ਰਾਜੂ, ਸ਼ਿਵ ਕੁਮਾਰ ਆਦਿ ਨੇ ਸੈਂਪਲ ਭਰਨ ਵਾਲੀ ਟੀਮ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਹੀ ਜੀ. ਐੱਸ. ਟੀ. ਤੇ ਨੋਟਬੰਦੀ ਦੀ ਮਾਰ ਹੇਠ ਆਏ ਦੁਕਾਨਦਾਰ ਆਰਥਕ ਤੰਗੀ ਦਾ ਸ਼ਿਕਾਰ ਹਨ ਤੇ ਉਪਰੋਂ ਹੁਣ ਟੀਮ ਵੱਲੋਂ ਵਪਾਰੀ ਵਰਗ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਫੂਡ ਸੇਫਟੀ ਇੰਸਪੈਕਟਰ ਡਾ. ਅਭਿਨਵ ਖੋਸਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਘਟੀਆ ਸਾਮਾਨ ਨੂੰ ਬੰਦ ਕਰਵਾਉਣ ਲਈ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ ਵੱਲੋਂ ਕਾਇਦੇ-ਕਾਨੂੰਨ ਨੂੰ ਛਿੱਕੇ 'ਤੇ ਟੰਗਦਿਆਂ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਨਹੀਂ ਬਣਾਏ ਜਾ ਰਹੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਤਹਿਤ ਆਪਣੇ ਲਾਇਸੈਂਸ ਬਣਵਾਉਣ।


Related News