ਲਾਂਬੜਾ 'ਚ ਵੱਡੀ ਵਾਰਦਾਤ, ਰਸਤੇ 'ਚ ਰੋਕ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇ ਢਿੱਡ 'ਚ ਮਾਰਿਆ ਚਾਕੂ

Monday, Jul 01, 2024 - 12:18 PM (IST)

ਲਾਂਬੜਾ 'ਚ ਵੱਡੀ ਵਾਰਦਾਤ, ਰਸਤੇ 'ਚ ਰੋਕ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇ ਢਿੱਡ 'ਚ ਮਾਰਿਆ ਚਾਕੂ

ਲਾਂਬੜਾ (ਵਰਿੰਦਰ)- ਲਾਂਬੜਾ ’ਚ ਲੁਟੇਰਿਆਂ ਦੇ ਹੌਂਸਲੇ ਕਾਫ਼ੀ ਬੁਲੰਦ ਹੋ ਗਏ ਹਨ ਅਤੇ ਪਿਛਲੇ 2 ਦਿਨਾਂ ’ਚ ਲੁੱਟ ਦੀ ਦੂਜੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ । ਐਤਵਾਰ ਦੇਰ ਰਾਤ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ 8ਵੀਂ ਜਮਾਤ ਦੇ ਵਿਦਿਆਰਥੀ ਤੋਂ ਚੇਨ ਖੋਹ ਲਈ ਅਤੇ ਜਾਂਦੇ ਸਮੇਂ ਉਸ ਦੇ ਢਿੱਡ ’ਚ ਚਾਕੂ ਮਾਰ ਦਿੱਤਾ, ਜਿਸ ਕਾਰਨ ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਸ ਦੀ ਸੂਚਨਾ ਥਾਣਾ ਲਾਂਬੜਾ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਕਮਲੇਸ਼ ਯਾਦਵ ਵਾਸੀ ਲਾਂਬੜਾ ਨੇ ਦੱਸਿਆ ਕਿ ਉਸ ਦਾ ਲੜਕਾ ਅਮਰੇਸ਼ ਯਾਦਵ (15) 8ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਸ਼ਾਮ ਕਰੀਬ 7.20 ਵਜੇ ਅਮਰੇਸ਼ ਯਾਦਵ ਕੋਲਡ ਡਰਿੰਕ ਪੀਣ ਲਈ ਉਨ੍ਹਾਂ ਤੋਂ 20 ਰੁਪਏ ਲੈ ਕੇ ਐਕਟਿਵਾ ’ਤੇ ਦੁਕਾਨ ਵੱਲ ਚਲਾ ਗਿਆ। ਕਮਲੇਸ਼ ਨੇ ਦੱਸਿਆ ਕਿ ਕੋਲਡ ਡਰਿੰਕ ਪੀ ਕੇ ਜਦੋਂ ਉਹ ਘਰ ਵੱਲ ਆ ਰਿਹਾ ਸੀ ਤਾਂ ਲਾਂਬੜਾ ਸ਼ਮਸ਼ਾਨਘਾਟ ਨੇੜੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਨੂੰ ਰੋਕ ਲਿਆ ਅਤੇ ਜ਼ਬਰਦਸਤੀ ਉਸ ਦਾ ਮੋਬਾਇਲ ਮੰਗਣ ਲੱਗਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਮਰੇਸ਼ ਯਾਦਵ ਨੇ ਮੋਬਾਇਲ ਨੂੰ ਨੇੜੇ ਦੀਆਂ ਝਾੜੀਆਂ ’ਚ ਸੁੱਟ ਦਿੱਤਾ ਅਤੇ ਨੌਜਵਾਨਾਂ ਨੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਅਮਰੇਸ਼ ਦੇ ਗਲੇ ’ਚ ਪਾਈ ਚਾਂਦੀ ਦੀ ਚੇਨ ਲੁੱਟ ਲਈ ਅਤੇ ਜਾਂਦੇ ਸਮੇਂ ਉਸ ਦੇ ਢਿੱਡ ’ਚ ਚਾਕੂ ਨਾਲ ਵਾਰ ਕਰ ਦਿੱਤਾ। ਇਸ ਹਮਲੇ ਕਾਰਨ ਅਮਰੇਸ਼ ਜ਼ਮੀਨ ’ਤੇ ਡਿੱਗ ਗਿਆ ਤੇ ਲੁਟੇਰਾ ਮੋਟਰਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- CM ਮਾਨ ਦੀ ਅਗਵਾਈ 'ਚ ਜਲੰਧਰ ਦੇ ਨਾਮਵਰ ਵਪਾਰੀ ਤੇ ਸਮਾਜ ਸੇਵੀ ਰਾਜ ਕੁਮਾਰ ਕਲਸੀ 'ਆਪ'’ ਚ ਹੋਏ ਸ਼ਾਮਲ

ਕਿਸੇ ਰਾਹਗੀਰ ਨੇ ਇਸ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਇਸ ਤੋਂ ਬਾਅਦ ਉਸ ਦੇ ਪਿਤਾ ਕਮਲੇਸ਼ ਯਾਦਵ ਆਪਣੇ ਦੋਸਤਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਬੱਚੇ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਮਲੇਸ਼ ਨੇ ਦੱਸਿਆ ਕਿ ਡਾਕਟਰਾਂ ਨੇ ਅਮਰੇਸ਼ ਯਾਦਵ ਦਾ ਆਪ੍ਰੇਸ਼ਨ ਕਰਨ ਦੀ ਗੱਲ ਕਹੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਲਾਂਬੜਾ ਦੇ ਏ. ਐੱਸ. ਆਈ. ਕਰਨੈਲ ਸਿੰਘ ਪੁਲਸ ਪਾਰਟੀ ਸਮੇਤ ਹਸਪਤਾਲ ਪੁੱਜੇ ਤੇ ਕਮਲੇਸ਼ ਦੇ ਬਿਆਨ ਦਰਜ ਕੀਤੇ।

ਡੇਅਰੀ ਮਾਲਕ ਤੇ ਉਸ ਦੇ ਪੁੱਤਰ ਨੂੰ ਲੁੱਟਣ ਵਾਲੇ ਲੁਟੇਰੇ ਪੁਲਸ ਦੀ ਗ੍ਰਿਫ਼ਤ ਤੋਂ ਦੂਰ
ਬੀਤੇ ਦਿਨੀਂ ਇਕ ਡੇਅਰੀ ਮਾਲਕ ਤੇ ਉਸ ਦੇ ਲੜਕੇ ਤੋਂ ਰਿਵਾਲਵਰ ਤੇ ਦਾਤਰ ਦੀ ਨੋਕ ’ਤੇ 32500 ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਮੌਕੇ ਤੋਂ ਬੇਖ਼ੌਫ਼ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਲਾਂਬੜਾ ਦੀ ਪੁਲਸ ਨੇ 2 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਲੁੱਟਖੋਹ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਟੀਮ ਬਣਾਈ ਸੀ ਪਰ 48 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਲੁਟੇਰੇ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਸਰਪੰਚ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News