ਹਸਪਤਾਲ ਅਤੇ ਸਬ-ਸੈਂਟਰ ਦੀ ਬਿਲਡਿੰਗ ਬਣੀ ਖੰਡਰ, ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਚੁੱਪ

09/21/2017 11:08:04 AM

ਭਗਤਾ ਭਾਈ (ਢਿੱਲੋਂ)-ਨੇੜਲੇ ਪਿੰਡ ਜਲਾਲ ਵਿਖੇ ਇਕ ਹੀ ਥਾਂ 'ਤੇ ਸੇਵਾ ਕੇਂਦਰ, ਆਂਗਣਵਾੜੀ ਸੈਂਟਰ, ਸਰਕਾਰੀ ਹਸਪਤਾਲ, ਸਬ-ਸੈਂਟਰ, ਆਰ.ਓ. ਤੇ ਨਰੇਗਾ ਭਵਨ ਬਣੇ ਹੋਏ ਹਨ ਪਰ ਜੇਕਰ ਇਨ੍ਹਾਂ ਦੀ ਪੂਰੀ ਤਰ੍ਹਾਂ ਸਾਫ ਸਫਾਈ ਤੇ ਦੇਖ-ਰੇਖ ਵੱਲ ਕੁਝ ਧਿਆਨ ਦਿੱਤਾ ਜਾਵੇ ਤਾਂ ਇਹ ਕਿਸੇ ਕੰਪਲੈਕਸ ਤੋਂ ਘੱਟ ਨਹੀਂ ਹੋਵੇਗਾ। ਇਥੇ ਸਬ-ਸੈਂਟਰ ਵਿਚ ਹਰ ਰੋਜ਼ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਚੈੱਕਅਪ ਕਰਵਾਉਣ ਲਈ ਹੋਰ ਮਰੀਜ਼ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਲਈ ਅਤੇ ਸੇਵਾ ਕੇਂਦਰ 'ਚ ਆਪਣੇ ਕੰਮ ਧੰਦਿਆਂ ਲਈ ਸੈਂਕੜੇ ਲੋਕ ਇਥੇ ਆਉਂਦੇ ਹਨ। ਸਭ ਤੋਂ ਪਹਿਲਾਂ ਇਸ ਬਿਲਡਿੰਗ ਅੰਦਰ ਆਵਾਰਾ ਪਸ਼ੂਆਂ ਦਾ ਗੋਬਰ ਤੇ ਮਰੀਜ਼ਾਂ ਦੀ ਜਗ੍ਹਾ ਪਸ਼ੂ ਅਤੇ ਆਵਾਰਾ ਕੁੱਤੇ ਬੈਠੇ ਦਿਖਾਈ ਦਿੰਦੇ ਹਨ। ਸਾਫ-ਸਫਾਈ ਦਾ ਪ੍ਰਬੰਧ ਨਾ ਹੋਣ ਕਾਰਨ ਬੁਰਾ ਹਾਲ ਹੈ। ਹੋਰ ਤਾਂ ਹੋਰ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਹੈ ਪਰ ਇੱਥੇ ਕਦੇ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੰਡਰ ਬਣੀ ਬਿਲਡਿੰਗ ਦਾ ਦੌਰਾ ਨਹੀਂ ਕੀਤਾ। ਇਕ ਸਾਲ ਤੋਂ ਪਹਿਲਾਂ ਨਵੀਂ ਬਣੀ ਸਰਕਾਰੀ ਹਸਪਤਾਲ ਦੀ ਬਿਲਡਿੰਗ ਅੱਗੇ ਬਣਿਆ ਹੋਇਆ ਖੱਡਾ, ਜਿਸ 'ਚ ਪਿਆ ਪਾਣੀ, ਗੰਦਗੀ ਅਤੇ ਗੋਬਰ ਦੇ ਢੇਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਮੌਕੇ ਲੋਕਾਂ ਨੇ ਡੀ. ਸੀ. ਬਠਿੰਡਾ, ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੁਕੇ ਹੋਏ ਹਸਪਤਾਲ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ। ਸਬ ਸੈਂਟਰ ਜਲਾਲ ਦੀ ਪੁਰਾਣੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਈ ਜਾਵੇ। 
ਕੀ ਕਹਿਣਾ ਹੈ ਡਾਕਟਰ ਸਾਹਿਬ ਦਾ?
ਇਸ ਸਮੇਂ ਹਸਪਤਾਲ ਅੰਦਰ ਡਿਊਟੀ ਕਰ ਰਹੇ ਡਾਕਟਰ ਸੁਭਾਸ਼ ਚੰਦਰ ਨੇ ਕਿਹਾ ਕਿ ਇਹ ਬਿਲਡਿੰਗ ਬਹੁਤ ਪੁਰਾਣੀ ਹੋਣ ਕਾਰਨ ਢਹਿ-ਢੇਰੀ ਹੋ ਚੁੱਕੀ ਹੈ ਅਤੇ ਅਸੀਂ ਫਿਰ ਵੀ ਇਥੇ ਆਪਣੀ ਜਾਨ ਖਤਰੇ ਵਿਚ ਪਾ ਕੇ ਮਰੀਜ਼ਾਂ ਦਾ ਚੈੱਕਅਪ ਕਰਦੇ ਹਾਂ ਪਰ ਜਦੋਂ ਨਵੀਂ ਬਣੀ ਸਰਕਾਰੀ ਹਸਪਤਾਲ ਦੀ ਬਿਲਡਿੰਗ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਤਕਰੀਬਨ 10 ਮਹੀਨੇ ਪਹਿਲਾਂ ਕੀਤਾ ਸੀ। ਪੁੱਛੇ ਜਾਣ 'ਤੇ ਡਾਕਟਰ ਨੇ ਕਿਹਾ ਕਿ ਕਮਰਿਆਂ ਅੰਦਰ ਪੱਖੇ ਅਤੇ ਰੰਗ ਰੋਗਨ ਨਹੀਂ ਕੀਤਾ ਗਿਆ। ਅਸੀਂ ਕਈ ਵਾਰ ਪਿੰਡ ਦੇ ਸਰਪੰਚ ਮੂਰਤੀ ਕੌਰ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਰਪੰਚ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਜੇ ਗ੍ਰਾਂਟ ਨਹੀਂ ਆਈ। 
ਕੀ ਕਹਿਣਾ ਹੈ ਸਬ-ਸੈਂਟਰ ਕਰਮਚਾਰੀ ਦਾ? 
ਜਦ ਸਬ-ਸੈਂਟਰ ਡਿਊਟੀ ਕਰ ਰਹੀ ਮੈਡਮ ਸ਼ਿਲਪਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਸਾਡੀ ਬਿਲਡਿੰਗ ਦਾ ਬੁਰਾ ਹਾਲ ਹੈ ਤੇ ਡਿਗਣ ਕਿਨਾਰੇ ਪਈ ਹੈ ਪਰ ਕੁਝ ਚਿਰ ਪਹਿਲਾਂ ਪੰਚਾਇਤ ਨੇ ਸਬ ਸੈਂਟਰ ਇਥੇ ਨਵੇਂ ਬਣੇ ਨਰੇਗਾ ਭਵਨ ਦੇ ਹਾਲ ਵਿਚ ਸ਼ਿਫਟ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਔਰਤ ਦਾ ਚੈੱਕਅਪ ਕਰਨਾ ਹੁੰਦਾ ਹੈ ਤਾਂ ਇਕ ਹੀ ਕਮਰਾ ਹੋਣ ਕਾਰਨ ਬੁਹਤ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਰਪੰਚ ਨੂੰ ਬੇਨਤੀ ਕੀਤੀ ਹੈ ਪਰ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਇਸ ਮੌਕੇ ਦਵਾਈ ਲੈਣ ਆਏ ਮਰੀਜ਼ਾਂ ਨੇ ਕਿਹਾ ਕਿ ਇਸ ਖੰਡਰ ਬਿਲਡਿੰਗ ਅੰਦਰ ਨਾ ਤਾਂ ਕੋਈ ਪੀਣ ਦਾ ਪਾਣੀ ਤੇ ਨਾ ਹੀ ਪਖਾਨੇ ਦੀ ਸਹੂਲਤ ਹੈ। ਇਥੋ ਤੱਕ ਕਿ ਪਤਾ ਨਹੀਂ ਕਿ ਕਦੋਂ ਇਹ ਬਿਲਡਿੰਗ ਡਿਗ ਜਾਵੇ।  
ਸਰਪੰਚ ਨੇ ਫੋਨ ਨਹੀਂ ਚੁੱਕਿਆ
ਇਸ ਸਬੰਧ ਵਿਚ ਸਰਪੰਚ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।


Related News