ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੀਤਾ ਰੋਸ ਪ੍ਰਦਰਸ਼ਨ

Thursday, Oct 05, 2017 - 07:50 AM (IST)

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ,   (ਵਿਨੋਦ, ਦੀਪਕ)-  ਗੁਰਦਾਸਪੁਰ 'ਚ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ। 
ਕਰੀਬ 3-4 ਹਜ਼ਾਰ ਤੋਂ ਉੱਪਰ ਵੱਡੀ ਗਿਣਤੀ ਵਿਚ ਪਹੁੰਚੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੋਸ ਮਾਰਚ ਦੇ ਕਾਰਨ ਸਾਰੇ ਸ਼ਹਿਰ ਵਿਚ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਵੇਖਿਆ ਜਾਵੇ ਤਾਂ ਇਹ ਰੈਲੀ ਗੁਰਦਾਸਪੁਰ ਦੇ ਇਤਿਹਾਸ ਵਿਚ ਪਹਿਲੀ ਰੈਲੀ ਹੋਵੇਗੀ, ਜਿਸ ਵਿਚ ਏਨੀ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਹੁੰਚੀਆਂ ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀਆਂ ਜਾਣਗੀਆਂ ਪਰ ਸੂਬੇ ਦੀਆਂ 53 ਹਜ਼ਾਰ 400 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੰਤਰੀ ਮੰਡਲ ਦੇ ਇਸ ਫੈਸਲੇ ਦੇ ਖਿਲਾਫ਼ ਖੜ੍ਹੀਆਂ ਹੋ ਗਈਆਂ ਤੇ ਰੋਸ ਵਜੋਂ ਥਾਂ-ਥਾਂ 'ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣ ਲੱਗੇ।ਗੁਰਦਾਸਪੁਰ ਵਿਖੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪਹਿਲਾਂ ਨਹਿਰੂ ਪਾਰਕ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਫੇਰ ਬਾਜ਼ਾਰ ਵਿਚ ਪੈਦਲ ਰੋਸ ਮਾਰਚ ਕੀਤਾ।
ਇਸ ਸਮੇਂ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਆਂਗਣਵਾੜੀ ਯੂਨੀਅਨ ਸਮੇਂ ਦੀਆਂ ਸਰਕਾਰਾਂ ਅੱਗੇ ਨਾ ਕਦੇ ਪਹਿਲਾਂ ਝੁਕੀ ਹੈ ਤੇ ਨਾ ਹੀ ਹੁਣ ਝੁਕੇਗੀ। ਵਰਕਰਾਂ ਤੇ ਹੈਲਪਰਾਂ ਆਪਣੇ ਹੱਕਾਂ ਖਾਤਰ ਬਹੁਤ ਵਾਰ ਜੇਲਾਂ ਵਿਚ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਲ 2005 ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਸਨ ਪਰ ਜਥੇਬੰਦੀ ਦੇ ਸੰਘਰਸ਼ ਅੱਗੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ ਤੇ ਇਹ ਕਲਾਸਾਂ ਨਹੀਂ ਚੱਲੀਆਂ ਸਨ।
ਉਨ੍ਹਾਂ ਕਿਹਾ ਕਿ 1975 ਵਿਚ 2 ਅਕਤੂਬਰ ਵਾਲੇ ਦਿਨ ਕੇਂਦਰ ਸਰਕਾਰ ਨੇ ਆਈ. ਸੀ. ਡੀ. ਐੱਸ. ਸਕੀਮ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਤੋਂ ਹੀ ਆਂਗਣਵਾੜੀ ਵਰਕਰਾਂ  ਸੈਂਟਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਪ੍ਰੀ ਸਿੱਖਿਆ ਦੇ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ 42 ਸਾਲਾਂ ਦੌਰਾਨ ਸੈਂਟਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਨਾ ਤਾਂ ਕਿਤਾਬਾਂ ਅਤੇ ਨਾ ਹੀ ਵਰਦੀਆਂ ਦਿੱਤੀਆਂ ਹਨ।
ਇਸ ਦੌਰਾਨ ਸੂਬਾਈ ਆਗੂ ਜਸਵੀਰ ਕੌਰ ਦਸੂਹਾ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਂਨੰਗਲ, ਕੁਲਮੀਤ ਕੌਰ ਬਟਾਲਾ, ਜਸਵਿੰਦਰ ਕੌਰ ਪੱਟੀ, ਹਰਜੀਤ ਕੌਰ ਵੇਰਕਾ, ਸੁਨੀਤਾ ਪਠਾਨਕੋਟ, ਜਸਵੀਰ ਕੌਰ ਡੇਰਾ ਬਾਬਾ ਨਾਨਕ, ਸਤਵੰਤ ਕੌਰ ਭੋਗਪੁਰ, ਸਰਬਜੀਤ ਕੌਰ ਹਰਗੋਬਿੰਦਪੁਰ, ਜਤਿੰਦਰ ਕੌਰ ਚੋਹਲਾ ਸਾਹਿਬ, ਸ਼ਿੰਦਰਪਾਲ ਕੌਰ ਭੂੰਗਾ, ਬਲਵਿੰਦਰ ਕੌਰ ਕਾਦੀਆਂ, ਬਿਰਲਾ ਦੇਵੀ ਫਗਵਾੜਾ, ਸੁਖਵਿੰਦਰ ਕੌਰ ਵਲਟੋਹਾ, ਗੁਰਪ੍ਰੀਤ ਕੌਰ ਗੁਰਦਾਸਪੁਰ, ਦਲਜੀਤ ਕੌਰ ਬਲਾਚੌਰ, ਸੰਗੀਤਾ ਰਾਣੀ ਲੋਹੀਆ, ਸੁਮਨ ਬਾਬਾ ਨਾਰੋਟ, ਗੁਰਮੀਤ ਕੌਰ ਸੁਜਾਨਪੁਰ ਤੇ ਮਨਜੀਤ ਕੌਰ ਸੁਲਤਾਨਪੁਰ ਲੋਧੀ ਆਦਿ ਮੌਜੂਦ ਸਨ। 


Related News