60 ਫੁੱਟ ਡੂੰਘੇ ਟੋਏ ''ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
Saturday, Feb 03, 2018 - 01:59 AM (IST)
ਜੁਗਿਆਲ, (ਸ਼ਰਮਾ)- ਬੀਤੀ ਸ਼ਾਮ ਕੰਮ 'ਤੇ ਜਾ ਰਹੇ ਇਕ ਵਿਅਕਤੀ ਦੀ ਡੂੰਘੇ ਟੋਏ 'ਚ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਛੱਜੂ ਰਾਮ ਵਾਸੀ ਪਿੰਡ ਤਰਹੇਟੀ, ਜੋ ਸਿੰਚਾਈ ਵਿਭਾਗ ਮਾਧੋਪੁਰ 'ਚ ਕੰਮ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਸ਼ਾਮ 5 ਵਜੇ ਆਪਣੇ ਮੋਟਰਸਾਈਕਲ 'ਤੇ ਡਿਊਟੀ ਲਈ ਜਾ ਰਿਹਾ ਸੀ ਕਿ ਪਿੰਡ ਕਰਵਾਲ ਨੇੜੇ ਬੈਰਾਜ ਨਹਿਰ 'ਤੇ ਪੁਲ ਬਣਾਉਣ ਲਈ ਬਣਾਏ ਗਏ ਪਿੱਲਰਾਂ ਦੇ 60 ਫੁੱਟ ਡੂੰਘੇ ਟੋਏ 'ਚ ਮੋਟਰਸਾਈਕਲ ਸਮੇਤ ਡਿੱਗਾ ਪਿਆ। ਉਹ ਦੇਰ ਸ਼ਾਮ ਤੱਕ ਆਪਣੀ ਡਿਊਟੀ 'ਤੇ ਨਹੀਂ ਪਹੁੰਚਿਆ ਤਾਂ ਉਸ ਨਾਲ ਕੰਮ ਕਰਨ ਵਾਲੇ ਹੋਰਨਾਂ ਕਰਮਚਾਰੀਆਂ ਨੇ ਉਸ ਦੇ ਘਰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਸ਼ਾਮ ਤੋਂ ਹੀ ਡਿਊਟੀ 'ਤੇ ਗਿਆ ਹੋਇਆ ਹੈ। ਡਿਊਟੀ 'ਤੇ ਦੇਰ ਰਾਤ ਤੱਕ ਨਾ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਰਵਿੰਦਰ ਦੀ ਭਾਲ ਸ਼ੁਰੂ ਕੀਤੀ, ਜਿਸ ਦੌਰਾਨ ਰਾਤ 2 ਵਜੇ ਉਸ ਦਾ ਮੋਟਰਸਾਈਕਲ ਤੇ ਲਾਸ਼ ਟੋਏ 'ਚ ਮਿਲੀ। ਸ਼ਾਹਪੁਰਕੰਢੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
