ਵਿਕਲਾਂਗਤਾ ਨੂੰ ਮਾਨਸਿਕਤਾ ''ਤੇ ਭਾਰੂ ਨਾ ਹੋਣ ਦਿੱਤਾ ਜਾਵੇ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ
Saturday, Sep 24, 2022 - 12:47 AM (IST)

ਚੰਡੀਗੜ੍ਹ/ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਅੱਜ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਬਲਜੀਤ ਕੌਰ ਨੇ ਕਿਹਾ ਕਿ ਅਪੰਗਤਾ ਨੂੰ ਮਾਨਸਿਕਤਾ 'ਤੇ ਭਾਰੂ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਇਸ ਪ੍ਰਤੀ ਨਾਕਾਰਤਮਕ ਸੋਚ ਜੋ ਕਿ ਸਾਡੀ ਮਾਨਸਿਕਤਾ ਦੇ ਅਵਚੇਤਨ 'ਚ ਪਈ ਉਸ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਅਜਿਹਾ ਸਮਾਜਿਕ ਮਾਹੌਲ ਬਣਾ ਕੇ ਦੇਣਾ ਸਮੇਂ ਦੀ ਮੰਗ ਹੈ ਜਿਸ 'ਚ ਦਿਵਿਆਂਗ ਔਰਤਾਂ, ਬੱਚਿਆਂ ਅਤੇ ਵਿਅਕਤੀਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਸਕਣ।
ਇਹ ਵੀ ਪੜ੍ਹੋ : ਡੀ.ਜੀ.ਪੀ ਨਰੇਸ਼ ਡੋਗਰਾ ਦੇ ਹੱਕ ’ਚ ਐਂਟੀ-ਕ੍ਰਾਈਮ ਐਂਟੀ-ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਪੜ੍ਹਾਈ ਸਭ ਤੋਂ ਵੱਡਾ ਹਥਿਆਰ ਹੈ ਜੋ ਦਿਵਿਆਂਗ ਲੋਕਾਂ ਦੇ ਜੀਵਨ ਦੇ ਵਿਕਾਸ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਇਸ ਪ੍ਰਤੀ ਸਾਡੇ ਸਮਾਜ 'ਚ ਜਾਗਰੂਕਤਾ ਦੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਲੋਕਾਂ ਨੂੰ ਮਾਨਸਿਕ ਤੌਰ `ਤੇ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਪੜ੍ਹਾਈ ਦਾ ਰਸਤਾ ਵਿਖਾਉਣ ਦੀ ਲੋੜ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਡਾ. ਬਲਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ। ਸੈਮੀਨਾਰ ਦੀ ਕਨਵੀਨਰ ਡਾ. ਰਚਨਾ ਸ਼ਰਮਾ ਨੇ ਅਪੰਗ ਇਸਤਰੀਆਂ ਦੇ ਬਰਾਬਰੀ ਦੇ ਅਧਿਕਾਰ ਸਬੰਧੀ ਵਿਸ਼ੇ 'ਤੇ ਸੈਮੀਨਾਰ ਕਰਵਾਉਣ ਦੇ ਮਕਸਦ ਤੋਂ ਜਾਣੂ ਕਰਵਾਇਆ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਉਹ ਆਪਣੇ ਜੀਵਨ ਨੂੰ ਸੁਖਾਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਪੰਗਤਾ ਨੂੰ ਆਪਣੇ ਜੀਵਨ ਦੇ ਵਿਕਾਸ 'ਚ ਰੁਕਾਵਟ ਨਹੀਂ ਸਮਝਣਾ ਚਾਹੀਦਾ ਹੈ ਸਗੋਂ ਇਸ ਨੂੰ ਚੁਣੌਤੀ ਦੇ ਤੌਰ 'ਤੇ ਲੈ ਕੇ ਆਪਣੇ ਮਿਥੇ ਟੀਚੇ 'ਤੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਦਿਵਿਆਂਗ ਰਹੀਆਂ ਸਫ਼ਲ ਔਰਤਾਂ ਦੇ ਜੀਵਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ।
ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਸੂਬੇ ਦੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ
ਡਾ. ਬਲਜੀਤ ਕੌਰ ਨੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੈਮੀਨਾਰ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਸਟੱਡੀ ਆਫ਼ ਸੋਸ਼ਲ ਸਿਸਟਮ ਤੋਂ ਪ੍ਰੋ. ਨੀਲਿਕਾ ਮਹਿਰੋਤਰਾ, ਪ੍ਰੋ. ਸੁਜਾਤਾ ਭਾਨ, ਸ਼੍ਰੀਮਤੀ ਸ਼ੰਪਾ ਸੇਨਗੁਪਤਾ, ਸ਼੍ਰੀ ਅਮਰਜੀਤ ਸਿੰਘ ਆਨੰਦ, ਡਾ. ਸਤਨਾਮ ਸਿੰਘ, ਪ੍ਰੋ. ਭੂਪ ਸਿੰਘ ਗੌੜ, ਡਾ. ਸੁਨੀਲ ਕੁਮਾਰ ਅਤੇ ਉੱਘੇ ਵਿਦਵਾਨ ਹਾਜ਼ਰ ਹੋਏ।