ਜਲੰਧਰ ਵਿਖੇ ਰਵੀ ਜਿਊਲਰਜ਼ 'ਚ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ, ਮਾਲਕ ਹੀ ਨਿਕਲਿਆ ਝੂਠੀ ਕਹਾਣੀ ਦਾ ਰਚੇਤਾ

Sunday, Nov 19, 2023 - 11:42 AM (IST)

ਜਲੰਧਰ (ਵਰੁਣ, ਸੁਧੀਰ, ਮਹੇਸ਼)– ਦਿਲਕੁਸ਼ਾ ਮਾਰਕੀਟ ’ਚ ਰਵੀ ਜਿਊਲਰਜ਼ ’ਚ ਦਿਨ-ਦਿਹਾੜੇ ਹੋਈ ਲੁੱਟ ਨੇ ਨਵਾਂ ਮੋੜ ਲੈ ਲਿਆ ਹੈ। ਰਵੀ ਜਿਊਲਰਜ਼ ’ਚ ਦਿਨ-ਦਿਹਾੜੇ ਹੋਈ ਲੁੱਟ ਸਿਰਫ਼ ਇਕ ਡਰਾਮਾ ਸੀ। ਉਸ ਦਾ ਮਾਲਕ ਹੀ ਝੂਠੀ ਕਹਾਣੀ ਦਾ ਰਚੇਤਾ ਨਿਕਲਿਆ ਹੈ। ‘ਜਗ ਬਾਣੀ’ ਨੇ ਪਹਿਲਾਂ ਤੋਂ ਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਇਹ ਮਾਮਲਾ ਸ਼ੱਕੀ ਹੈ, ਕਿਉਂਕਿ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੋਈ ਸ਼ੋਅਰੂਮ ਦੇ ਅੰਦਰ ਘੁੰਮਦਾ ਨਜ਼ਰ ਹੀ ਨਹੀਂ ਆਇਆ।
ਵਾਰਦਾਤ ਤੋਂ ਬਾਅਦ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ। ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਰਵੀ ਜਿਊਲਰਜ਼ ਨੂੰ ਫੋਕਸ ਕਰ ਰਹੇ ਨੇੜੇ-ਤੇੜੇ ਲੱਗੇ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਘੋਖੀ ਗਈ। ਸ਼ਿਕਾਇਤਕਰਤਾ ਵੱਲੋਂ ਸ਼ੁੱਕਰਵਾਰ ਦੁਪਹਿਰ ਡੇਢ ਵਜੇ ਦਾ ਸਮਾਂ ਦੱਸਿਆ ਗਿਆ ਸੀ ਪਰ ਸਮਾਂ ਬਦਲ-ਬਦਲ ਕੇ ਕੈਮਰੇ ਚੈੱਕ ਕਰਨ ’ਤੇ ਵੀ ਰਵੀ ਜਿਊਲਰਜ਼ ’ਚ ਕੋਈ ਵੀ ਸ਼ੱਕੀ ਵਿਅਕਤੀ ਦਾਖ਼ਲ ਹੁੰਦਾ ਵਿਖਾਈ ਨਹੀਂ ਦਿੱਤਾ।

PunjabKesari

ਦੇਰ ਰਾਤ ਇਹ ਤੈਅ ਹੋ ਗਿਆ ਸੀ ਕਿ ਮਾਮਲਾ ਸ਼ੱਕੀ ਹੈ। ਸ਼ਨੀਵਾਰ ਸਵੇਰੇ ਹੀ ਐਂਟੀ-ਨਾਰਕੋਟਿਕਸ ਸੈੱਲ ਨੇ ਸ਼ਿਕਾਇਤਰਤਾ ਨੂੰ ਬੁਲਾ ਲਿਆ। ਉਸ ਕੋਲੋਂ ਕਾਫ਼ੀ ਪੁੱਛਗਿੱਛ ਕੀਤੀ ਗਈ ਪਰ ਉਹ ਪੁਲਸ ਨੂੰ ਉਲਝਾਉਂਦਾ ਰਿਹਾ ਪਰ ਦਬਾਅ ਜ਼ਿਆਦਾ ਪਾਉਣ ’ਤੇ ਉਸ ਨੇ ਮੰਨਿਆ ਕਿ ਉਹ ਖ਼ੁਦ ਡਿਪ੍ਰੈਸ਼ਨ ’ਚ ਹੈ ਅਤੇ ਗਲਤੀ ਨਾਲ ਪੁਲਸ ਕੰਟਰੋਲ ਰੂਮ ’ਚ ਫੋਨ ਕਰ ਬੈਠਾ। ਉਸ ਨੇ ਮੰਨਿਆ ਕਿ ਉਨ੍ਹਾਂ ਦੇ ਸ਼ੋਅਰੂਮ ’ਚ ਕੋਈ ਵੀ ਲੁੱਟ ਨਹੀਂ ਹੋਈ। ਪੁਲਸ ਨੇ ਸ਼ਿਕਾਇਤਕਰਤਾ ਜਿਊਲਰ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ

ਦੱਸਿਆ ਜਾ ਰਿਹਾ ਹੈ ਕਿ ਜਿਊਲਰ ਨੇ ਜਿਹੜੀਆਂ 5 ਚੇਨਾਂ ਲੁਟੇਰਿਆਂ ਵੱਲੋਂ ਲਿਜਾਣ ਦੀ ਗੱਲ ਕਹੀ ਸੀ, ਉਹ ਉਸ ਨੇ ਆਪਣੇ ਪਰਸ ’ਚ ਰੱਖ ਲਈਆਂ ਸਨ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਭੀੜ-ਭੜੱਕੇ ਵਾਲੇ ਇਲਾਕੇ ’ਚ ਇੰਨੀ ਵੱਡੀ ਵਾਰਦਾਤ ਹੋਣੀ ਸੰਭਵ ਨਹੀਂ ਸੀ, ਕਿਉਂਕਿ ਨੇੜੇ-ਤੇੜੇ ਪੁਲਸ ਦੇ ਨਾਕੇ ਲੱਗੇ ਰਹਿੰਦੇ ਹਨ, ਜਦਕਿ ਜਿਊਲਰ ਨੇ ਇਹ ਵੀ ਕਿਹਾ ਸੀ ਕਿ ਲੁਟੇਰੇ ਬਿਨਾਂ ਨਕਾਬ ਦੇ ਸਨ। ਉਨ੍ਹਾਂ ਕਿਹਾ ਕਿ ਇਸ ਝੂਠੀ ਅਫ਼ਵਾਹ ਕਾਰਨ ਲੋਕ ਦਹਿਸ਼ਤ ’ਚ ਆ ਗਏ ਸਨ ਪਰ ਉਨ੍ਹਾਂ ਦੀਆਂ ਟੀਮਾਂ ਨੇ ਜਲਦ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਦਿੱਤੀ। ਸੀ. ਪੀ. ਚਾਹਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪੁਲਸ ਨੂੰ ਗਲਤ ਸੂਚਨਾ ਦੇਣ ਵਾਲੇ ਜਿਊਲਰ ਨੇ ਖ਼ੁਦ ਹੀ ਸ਼ੋਅਰੂਮ ਦੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਛੇੜਖਾਨੀ ਕੀਤੀ ਸੀ।

PunjabKesari

ਜਿਊਲਰਜ਼ ਸਕਿਓਰਿਟੀ ਗਾਰਡ ਰੱਖਣ ਤੇ CCTV ਕੈਮਰੇ ਵੀ ਸਹੀ ਹੋਣਾ ਯਕੀਨੀ ਬਣਾਉਣ : ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਸ਼ਹਿਰ ’ਚ ਜਿੰਨੇ ਵੀ ਜਿਊਲਰ ਹਨ, ਉਹ ਆਪਣੇ-ਆਪਣੇ ਸ਼ੋਅਰੂਮ ’ਚ ਸਕਿਓਰਿਟੀ ਗਾਰਡ ਜ਼ਰੂਰ ਰੱਖਣ। ਇਸ ਤੋਂ ਇਲਾਵਾ ਸ਼ੋਅਰੂਮ ਦੇ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾਉਣੇ ਜ਼ਰੂਰੀ ਹਨ, ਜਿਹੜੇ ਜਿਊਲਰਜ਼ ਨੇ ਪਹਿਲਾਂ ਤੋਂ ਹੀ ਸੀ. ਸੀ. ਟੀ. ਵੀ. ਕੈਮਰੇ ਲੁਆਏ ਹੋਏ ਹਨ, ਉਹ ਸਮੇਂ-ਸਮੇਂ ’ਤੇ ਕੈਮਰੇ ਚੈੱਕ ਕਰਵਾਉਂਦੇ ਰਹਿਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਠੀਕ ਢੰਗ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ CM ਮਾਨ ਦਾ ਤਿੱਖਾ ਹਮਲਾ, ਕਿਹਾ-ਕਰੋ ਮੇਰੇ 'ਤੇ ਕੇਸ, ਕੋਰਟ 'ਚ ਨਜਿੱਠਾਂਗਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News