ਪੰਜਾਬ ਸਰਕਾਰ ਦੇ ਵਿੱਤੀ ਸਾਲ ਦੇ ਮਾਲੀਆ ਅੰਕੜੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
Friday, Jan 03, 2025 - 11:08 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਪੰਜਾਬ ਨੇ ਪਹਿਲੀ ਵਾਰ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਵੈਟ, ਸੀ. ਐੱਸ. ਟੀ., ਜੀ. ਐੱਸ. ਟੀ., ਪੀ. ਐੱਸ. ਡੀ. ਟੀ. ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ’ਚ 30,000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਚਾਲੂ ਮਾਲੀ ਸਾਲ ’ਚ ਦਸੰਬਰ ਤੱਕ ਇਨ੍ਹਾਂ ਟੈਕਸਾਂ ਤੋਂ ਕੁੱਲ 31,156.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਜਦਕਿ ਵਿੱਤੀ ਸਾਲ 2023-24 ’ਚ ਇਨ੍ਹਾਂ ਟੈਕਸਾਂ ਤੋਂ ਕੁੱਲ 27,927.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਇਸ ਸਬੰਧੀ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਲਈ ਸੂਬੇ ’ਚ ਨੈੱਟ ਜੀ.ਐੱਸ. ਟੀ. ਤੇ ਆਬਕਾਰੀ ਮਾਲੀਏ ’ਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਜੀ. ਐੱਸ. ਟੀ. ਮਾਲੀਏ ’ਚ 28.36 ਪ੍ਰਤੀਸ਼ਤ ਤੇ ਆਬਕਾਰੀ ਮਾਲੀਏ ’ਚ 21.31 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ। ਦਸੰਬਰ 2024 ’ਚ ਇਕੱਲੇ ਨੈੱਟ ਜੀ. ਐੱਸ. ਟੀ. ਤੋਂ ਮਾਲੀਆ ਪ੍ਰਾਪਤੀ 2013.20 ਕਰੋੜ ਰੁਪਏ ਸੀ, ਜੋ ਦਸੰਬਰ 2023 ’ਚ 1,568.36 ਕਰੋੜ ਰੁਪਏ ਦੀ ਨੈੱਟ ਜੀ.ਐੱਸ.ਟੀ. ਪ੍ਰਾਪਤੀ ਤੋਂ 444.84 ਕਰੋੜ ਰੁਪਏ ਵੱਧ ਹੈ। ਇਸੇ ਤਰ੍ਹਾਂ ਦਸੰਬਰ 2024 ’ਚ ਆਬਕਾਰੀ ਤੋਂ ਮਾਲੀਆ 154.75 ਕਰੋੜ ਰੁਪਏ ਦੇ ਵਾਧੇ ਨਾਲ 880.92 ਕਰੋੜ ਰੁਪਏ ਰਿਹਾ ਜਦਕਿ ਦਸੰਬਰ 2023 ’ਚ ਇਹ 726.17 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਪੀਂਦੇ ਹੋ ਟੀ-ਬੈਗ ਵਾਲੀ ਚਾਹ ਤਾਂ ਹੋ ਜਾਓ ਸਾਵਧਾਨ ! ਹੈਰਾਨ ਕਰੇਗੀ ਪੂਰੀ ਖ਼ਬਰ
ਸੂਬੇ ਨੇ ਵੈਟ ਤੋਂ 5643.81 ਕਰੋੜ ਰੁਪਏ, ਸੀ.ਐੱਸ.ਟੀ. ਤੋਂ 274.31 ਕਰੋੜ ਰੁਪਏ, ਜੀ. ਐੱਸ. ਟੀ. ਤੋਂ 17405.99 ਕਰੋੜ ਰੁਪਏ, ਪੀ.ਐੱਸ.ਡੀ.ਟੀ ਤੋਂ 139.10 ਕਰੋੜ ਰੁਪਏ ਤੇ ਆਬਕਾਰੀ ਤੋਂ 7693.1 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਜਦਕਿ ਵਿੱਤੀ ਸਾਲ 2023-24 ’ਚ ਵੈਟ ਤੋਂ 5385.24 ਕਰੋੜ ਰੁਪਏ, ਸੀ. ਐੱਸ. ਟੀ. ਤੋਂ 220.72 ਕਰੋੜ ਰੁਪਏ, ਜੀ. ਐੱਸ. ਟੀ. ਤੋਂ 15523.74 ਕਰੋੜ ਰੁਪਏ, ਪੀ. ਐੱਸ. ਡੀ. ਟੀ. ਤੋਂ 121.6 ਕਰੋੜ ਰੁਪਏ ਤੇ ਆਬਕਾਰੀ ਤੋਂ 6676.01 ਕਰੋੜ ਰੁਪਏ ਪ੍ਰਾਪਤ ਹੋਏ ਸਨ। ਇਸ ਤਰ੍ਹਾਂ ਇਨ੍ਹਾਂ ਟੈਕਸਾਂ ਤੋਂ ਵਿੱਤੀ ਸਾਲ 2023-24 ਦੇ ਮੁਕਾਬਲੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ 3,229 ਕਰੋੜ ਰੁਪਏ ਵੱਧ ਪ੍ਰਾਪਤ ਹੋਏ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸੂਬੇ ਦੀਆਂ ਮਜ਼ਬੂਤ ਆਰਥਿਕ ਨੀਤੀਆਂ ਦਾ ਪ੍ਰਤੀਕ ਤੇ ਪੰਜਾਬ ਸਰਕਾਰ ਦੀ ਵਿੱਤੀ ਸੂਝ-ਬੂਝ ਅਤੇ ਟਿਕਾਊ ਵਿਕਾਸ ਨੂੰ ਹਾਸਲ ਕਰਨ ਲਈ ਵਚਨਬੱਧਤਾ ਦਾ ਸਬੂਤ ਹੈ।
ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ, ਤਿੰਨ ਦਿਨ ਹੋਵੇਗਾ ਚੱਕਾ ਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e