ਨਸ਼ਾ ਸਮੱਗਲਰਾਂ ਸਬੰਧੀ ਪੁਲਸ ਨੂੰ ਸੂਚਨਾ ਦੇਣੀ ਪਈ ਮਹਿੰਗੀ, ਨੌਜਵਾਨ ''ਤੇ ਹੋਇਆ ਕਾਤਲਾਨਾ ਹਮਲਾ
Wednesday, Apr 19, 2023 - 08:06 PM (IST)
ਲੁਧਿਆਣਾ (ਬੇਰੀ) : ਨਸ਼ਾ ਸਮੱਗਲਰਾਂ ਸਬੰਧੀ ਪੁਲਸ ਨੂੰ ਸੂਚਨਾ ਦੇਣ ਵਾਲੇ ਨੌਜਵਾਨ ’ਤੇ ਕੁਝ ਲੋਕਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਜ਼ਖ਼ਮੀ ਪੰਕਜ ਸਾਹਨੀ ਨੂੰ ਗੰਭੀਰ ਹਾਲਤ ਵਿਚ ਨਿਜੀ ਹਸਪਤਾਲ ਵਿਚ ਐਡਮਿਟ ਕਰਵਾਇਆ ਗਿਆ ਹੈ। ਥਾਣਾ ਡਵੀਜ਼ਨ ਨੰ.7 ਦੀ ਪੁਲਸ ਨੇ ਪੰਕਜ ਦੀ ਸ਼ਿਕਾਇਤ ’ਤੇ ਤਾਜਪੁਰ ਰੋਡ ਦੀ ਬਿਹਾਰੀ ਕਾਲੋਨੀ ਦੇ ਰਹਿਣ ਵਾਲੇ ਭੀਮ ਸਾਹਨੀ, ਇੰਦਰ, ਵਿੱਕੀ, ਚੰਦੂ, ਰਾਕੇਸ਼, ਅਜੇ, ਬੀਰੂ, ਈ.ਡਬਲਿਊ.ਐੱਸ. ਕਾਲੋਨੀ ਦੇ ਮਹੇਸ਼, ਸੋਨੂ, ਪਰਦੁਮ, ਬਰਗਰ, ਸੁਮਿਤ ਅਤੇ ਚਾਰ-ਪੰਜ ਵਿਅਕਤੀ ਅਤੇ ਚਾਰ ਅਣਪਛਾਤੀਆਂ ਔਰਤਾਂ ਖਿਲਾਫ਼ ਕਤਲ ਦੇ ਯਤਨ, ਲੁੱਟਖੋਹ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਹੁਣ ਇਸ ਸਾਬਕਾ ਡਿਪਟੀ ਡਾਇਰੈਕਟਰ ਤੇ ਉਸ ਦੀ ਪਤਨੀ ਖ਼ਿਲਾਫ਼ ਕੀਤਾ ਕੇਸ ਦਰਜ
ਪੁਲਸ ਨੇ ਭੀਮ ਸਾਹਨੀ ਅਤੇ ਇੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬਾਕੀ ਦੇ ਮੁਲਜ਼ਮ ਅਜੇ ਫਰਾਰ ਹਨ। ਪੁਲਸ ਸ਼ਿਕਾਇਤ ਵਿਚ ਪੰਕਜ ਕੁਮਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਆਪਣੇ ਘਰ ਪੈਦਲ ਹੀ ਜਾ ਰਿਹਾ ਸੀ। ਰਸਤੇ ਵਿਚ ਮੁਲਜ਼ਮ ਭੀਮ ਸਾਹਨੀ ਅਤੇ ਇੰਦਰ ਨੇ ਉਸ ਨੂੰ ਰੋਕ ਲਿਆ ਕਿ ਉਹ ਪੁਲਸ ਨੂੰ ਨਸ਼ਾ ਸਮੱਗਲਰਾਂ ਦੀ ਸੂਚਨਾ ਪਹੁੰਚਾਉਂਦਾ ਹੈ। ਇਸੇ ਦੌਰਾਨ ਮੁਲਜ਼ਮ ਦੇ ਬਾਕੀ ਸਾਥੀ ਵੀ ਆ ਗਏ। ਉਨ੍ਹਾਂ ਨੇ ਲਾਠੀ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ, ਫਿਰ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰਕੇ ਪਿਸਤੌਲ ਤਾਣ ਦਿੱਤੀ ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਮੁਲਜ਼ਮ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਜੋ ਗ੍ਰਿਫਤਾਰ ਹੋਏ ਹਨ, ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਫਰਾਰ ਮੁਲਜਮਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।