ਪੰਜਾਬ ਦੇ ਕਿਸਾਨਾਂ 'ਤੇ ਮੰਡਰਾਇਆ ਵੱਡਾ ਖ਼ਤਰਾ! ਅਚਾਨਕ ਆ ਖੜ੍ਹੀ ਹੋਈ ਨਵੀਂ ਮੁਸੀਬਤ

Saturday, Apr 19, 2025 - 03:17 PM (IST)

ਪੰਜਾਬ ਦੇ ਕਿਸਾਨਾਂ 'ਤੇ ਮੰਡਰਾਇਆ ਵੱਡਾ ਖ਼ਤਰਾ! ਅਚਾਨਕ ਆ ਖੜ੍ਹੀ ਹੋਈ ਨਵੀਂ ਮੁਸੀਬਤ

ਸਮਰਾਲਾ (ਗਰਗ, ਬੰਗੜ)- ਪੰਜਾਬ ਦੇ ਕਿਸਾਨਾਂ ਲਈ ਬਦਲੇ ਮੌਸਨ ਕਾਰਨ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।  ਸੂਬੇ ’ਚ ਸ਼ੁੱਕਰਵਾਰ ਨੂੰ ਮੁੜ ਮੌਸਮ ਖ਼ਰਾਬ ਹੋਣ ਕਾਰਨ ਕਈ ਇਲਾਕਿਆਂ ’ਚ ਪਏ ਮੀਂਹ ਨਾਲ ਖੇਤਾਂ ’ਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਸੋਨੇ ਵਰਗੀ ਫ਼ਸਲ ਭਿੱਜ ਗਈ ਹੈ। ਕਿਸਾਨਾਂ ਵੱਲੋਂ ਮੰਡੀਆਂ ’ਚ ਵੇਚਣ ਲਈ ਲਿਆਂਦੀ ਫ਼ਸਲ ਨੂੰ ਵੀ ਤਰਪਾਲਾਂ ਨਾਲ ਢੱਕ ਕੇ ਭਿੱਜਣ ਤੋਂ ਬਚਾਇਆ ਗਿਆ। ਖੁੱਲ੍ਹੇ ਆਸਮਾਨ ਹੇਠ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਕਣਕ ਦੀਆਂ ਬੋਰੀਆਂ ਦੀਆਂ ਢਾਂਗਾਂ ਨੂੰ ਥੋੜ੍ਹੇ ਮੀਂਹ ਕਾਰਨ ਭਾਵੇਂ ਢੱਕ ਕੇ ਬਚਾਅ ਕਰ ਲਿਆ ਗਿਆ, ਜੇਕਰ ਆਉਂਦੇ ਦਿਨਾਂ ’ਚ ਮੌਸਮ ਹੋਰ ਖ਼ਰਾਬ ਹੁੰਦਾ ਹੈ ਤਾਂ ਤਰਪਾਲਾਂ ਦੇ ਸਹਾਰੇ ਫ਼ਸਲ ਦੀਆਂ ਬੋਰੀਆਂ ਨੂੰ ਤੇਜ਼ ਮੀਂਹ-ਝੱਖੜ ਤੋਂ ਬਚਾਉਣਾ ਔਖਾ ਹੋ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਈ-ਰਿਕਸ਼ਾ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਮੌਸਮ ਦੇ ਮਿਜ਼ਾਜ ’ਚ ਵਾਰ-ਵਾਰ ਹੋ ਰਹੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਅਤੇ ਕਣਕ ਦੀ ਵਢਾਈ ’ਚ ਜੁਟੇ ਕਿਸਾਨਾਂ ਨੂੰ ਮੌਸਮ ਦੀ ਖ਼ਰਾਬੀ ਦੇ ਚਲਦੇ ਫਿਰ ਤੋਂ ਵਾਢੀ ਦਾ ਕੰਮ ਰੋਕਣਾ ਪਿਆ ਹੈ। ਪਿਛਲੇ ਹਫ਼ਤੇ ਵੀ ਅਚਾਨਕ ਮੌਸਮ ਬਿਗੜਨ ਕਾਰਨ ਕਿਸਾਨਾਂ ਦੇ ਚੇਹਰਿਆਂ ਤੋਂ ਰੌਣਕ ਉੱਡ ਗਈ ਸੀ ਅਤੇ ਉਦੋਂ ਵੀ ਵਾਢੀ ਦਾ ਕੰਮ ਤਿੰਨ-ਚਾਰ ਦਿਨ ਪੱਛੜ ਗਿਆ ਸੀ, ਜਿਸ ਕਾਰਨ ਹਾਲੇ ਤੱਕ ਵੀ ਮੰਡੀਆਂ ’ਚ ਕਣਕ ਦੀ ਆਮਦ ਦਾ ਕੰਮ ਤੇਜ਼ੀ ਨਹੀਂ ਫੜ੍ਹ ਸਕਿਆ ਹੈ। 

ਮੌਸਮ ਵਿਭਾਗ ਵੱਲੋਂ ਸੂਬੇ ’ਚ ਮੌਸਮ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਲਰਟ ਜਾਰੀ ਕਰਦਿਆਂ ਕਈ ਖੇਤਰਾਂ ’ਚ ਮੀਂਹ ਅਤੇ ਤੇਜ਼ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਕੁਝ ਦਿਨਾਂ ਲਈ ਕਈ ਜ਼ਿਲ੍ਹਿਆਂ ’ਚ ਮੀਂਹ ਅਤੇ ਝੱਖੜ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕੁਝ ਖੇਤਰਾਂ ਨੂੰ ਯੈਲੋ ਅਲਰਟ ’ਚ ਰੱਖਿਆ ਗਿਆ ਹੈ। ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਨੇ ਕਿਸਾਨਾਂ ਨੂੰ ਨਿਰਾਸ਼ਾ ਦੇ ਆਲਮ ’ਚ ਧਕੇਲ ਦਿੱਤਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਸ਼ਰਮਸਾਰ ਕਰਦੀ ਘਟਨਾ! ਹੋਟਲ 'ਚ ਲਿਜਾ ਕੁੜੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਇਨ੍ਹਾਂ ਦਿਨਾਂ ’ਚ ਹੁੰਦੀ ਸੀ ਮੂੰਗੀ, ਮੱਕੀ ਤੇ ਸੂਰਜਮੁੱਖੀ ਦੀ ਬਿਜਾਈ
ਇਸ ਵਾਰ ਮੌਸਮ ’ਚ ਨਮੀ ਦੀ ਮਾਤਰਾਂ ਜ਼ਿਆਦਾ ਰਹਿਣ ਤੇ ਮਾਰਚ ਮਹੀਨੇ ’ਚ ਵਾਰ-ਵਾਰ ਬਦਲਦੇ ਮੌਸਮ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਅਜਿਹਾ ਵਾਧਾ ਕੀਤਾ ਹੈ, ਕਿ ਕਣਕ ਦੀ ਵਢਾਈ 20 ਦਿਨ ਪਛੇਤੀ ਪੈ ਜਾਣ ਕਾਰਨ ਬਹੁਤੇ ਕਿਸਾਨਾਂ ਨੂੰ ਅਗਲੀ ਤੀਜੀ ਫ਼ਸਲ ਦੀ ਬਿਜਾਈ ਵੀ ਲੇਟ ਹੁੰਦੀ ਵਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾ ਆਮ ਤੌਰ ’ਤੇ ਪੰਜਾਬ ਦੇ ਕਿਸਾਨ 10 ਅਪ੍ਰੈਲ ਤੱਕ ਹਾੜੀ ਦੀ ਵਢਾਈ ਤੋਂ ਵਿਹਲੇ ਹੋ ਕੇ ਇਨ੍ਹਾਂ ਦਿਨਾਂ ’ਚ ਤਾਂ ਮੂੰਗੀ, ਮੱਕੀ ਅਤੇ ਸੂਰਜਮੁਖੀ ਦੀ ਬਿਜਾਈ ’ਚ ਰੁਝ ਜਾਂਦੇ ਸਨ ਪਰ ਐਤਕੀ ਮੌਸਮ ਅਨੂਕੁਲ ਨਾ ਰਹਿਣ ਕਾਰਨ ਜਿਥੇ ਹਾੜੀ ਦੀ ਵਢਾਈ ਦਾ ਕੰਮ ਪੱਛੜ ਗਿਆ ਹੈ, ਉਥੇ ਮੌਸਮ ਵਿਗਿਆਨੀਆਂ ਦੀ ਅਗਲੇ ਦਿਨਾਂ ’ਚ ਮੌਸਮ ਦੇ ਹੋਰ ਖ਼ਰਾਬ ਰਹਿਣ ਦੇ ਅੰਦਾਜੇ ਨੇ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੇ ਨੁਕਸਾਨ ਦੇ ਖ਼ਦਸ਼ੇ ਨਾਲ ਸੂਬੇ ਦੇ ਖੇਤੀ ਸੈਕਟਰ ’ਤੇ ‘ਸੰਕਟ’ ਗਹਿਰਾਅ ਦਿੱਤਾ ਹੈ। ਹਾਲਾਂਕਿ ਮੰਡੀਆਂ ’ਚ ਖ਼ਰੀਦ ਪ੍ਰਬੰਧਾਂ ਦੇ ਮੁਕੰਮਲ ਬੰਦੋਬਸਤ ਕੀਤੇ ਹੋਏ ਹਨ ਪਰ ਮੰਡੀਆਂ ’ਚ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਫ਼ਸਲ ਨਾ ਪਹੁੰਚਣ ਕਾਰਨ ਸਾਰੇ ਖ਼ਰੀਦ ਕੇਂਦਰਾਂ ’ਚ ਸੁੰਨਸਾਨ ਛਾਇਆ ਹੋਇਆ ਹੈ। ਮੰਡੀਆਂ ’ਚ ਮਜ਼ਦੂਰੀ ਕਰਨ ਲਈ ਆਇਆ ਬੈਠਾ ਮਜ਼ਦੂਰ ਜਿੱਥੇ ਹਾਲੇ ਵਿਹਲਾ ਬੈਠਾ ਹੈ, ਉਥੇ ਹਾੜੀ ਦੀ ਵਡਾਈ ਦੇ ਕੰਮ ’ਚ ਜੁੱਟਣ ਵਾਲਾ ਮਜ਼ਦੂਰ ਵੀ ਮੌਸਮ ਸੁਧਰਨ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News