ਸ਼ਾਹਕੋਟ 'ਚ ਵੱਡੀ ਘਟਨਾ, ਪ੍ਰੇਮਿਕਾ ਨੂੰ ਮਿਲਣ ਘਰ ਗਿਆ ਸੀ ਪ੍ਰੇਮੀ, ਰੌਲਾ ਪੈਣ ਮਗਰੋਂ ਪ੍ਰੇਮੀ ਜੋੜੇ ਨੇ ਨਿਗਲੀ ਸਲਫ਼ਾਸ
Sunday, Apr 30, 2023 - 02:48 PM (IST)
 
            
            ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਂਵਾਲ ਅਰਾਈਆਂ ਵਿਖੇ ਪ੍ਰੇਮ ਸਬੰਧਾਂ ਨੂੰ ਲੈ ਕੇ ਇਕ ਪ੍ਰੇਮੀ ਜੋੜੇ ਨੇ ਸਲਫ਼ਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਿੱਟੇ ਵਜੋਂ ਲੜਕੀ ਦੀ ਮੌਤ ਹੋ ਗਈ ਅਤੇ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਦੇ ਨੰਬਰਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਪਿੰਡ ਸਲੈਚਾਂ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ ਕਿ ਪਿੰਡ ’ਚ ਇਕ ਲੜਕਾ ਅਤੇ ਲੜਕੀ ਨੇ ਸਲਫ਼ਾਸ ਨਿਗਲ ਲਈ ਹੈ। ਉਨ੍ਹਾਂ ਤੁਰੰਤ ਸ਼ਾਹਕੋਟ ਪੁਲਸ ਨੂੰ ਸੂਚਿਤ ਕੀਤਾ ਅਤੇ ਆਪ ਵੀ ਉਹ ਪਿੰਡ ਪੁੱਜ ਗਏ।

ਉਨ੍ਹਾਂ ਅਨੁਸਾਰ ਗੁਰਸ਼ਰਨ ਸਿੰਘ ਪੁੱਤਰ ਤਾਰਾ ਚੰਦ ਵਾਸੀ ਪਿੰਡ ਮੀਏਂਵਾਲ ਅਰਾਈਆਂ ਦੇ ਪਿੰਡ ਦੀ ਹੀ ਲੜਕੀ ਮਨਪ੍ਰੀਤ ਕੌਰ ਨਾਲ ਪ੍ਰੇਮ ਸੰਬੰਧ ਸਨ ਅਤੇ ਲੜਕਾ ਗੁਰਸ਼ਰਨ ਸਿੰਘ ਲੜਕੀ ਦੇ ਘਰ ਗਿਆ ਸੀ, ਜਿਸ ਕਾਰਨ ਰੌਲਾ ਪੈਣ ’ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ। ਦੂਜੇ ਪਾਸੇ ਪ੍ਰੇਮੀ ਜੋੜੇ ਨੇ ਸਲਫ਼ਾਸ ਨਿਗਲ ਲਈ। ਲੜਕੀ ਮਨਪ੍ਰੀਤ ਕੌਰ (25) ਦੀ ਹਾਲਤ ਗੰਭੀਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ, ਜਦਕਿ ਗੁਰਸ਼ਰਨ ਸਿੰਘ (28) ਨੂੰ ਪੁਲਸ ਵਲੋਂ ਆਪਣੀ ਗੱਡੀ ’ਚ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼

ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ 108 ਐਂਬੂਲੈਂਸ ਰਾਹੀਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਬਾਅਦ ’ਚ ਲੜਕੇ ਨੂੰ ਵੀ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਜਲੰਧਰ ਪਹੁੰਚਣ ’ਤੇ ਡਾਕਟਰ ਨੇ ਜਾਂਚ ਉਪਰੰਤ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੂਜੇ ਪਾਸੇ ਗੁਰਸ਼ਰਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮੁਖੀ ਸ਼ਾਹਕੋਟ ਬਲਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਜਲੰਧਰ: ਸ਼ਾਪਿੰਗ ਮਾਲ ’ਚ ਖੁੱਲ੍ਹੇ ਸਪਾ ਸੈਂਟਰ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਜਿਸਮਫਰੋਸ਼ੀ ਦਾ ਧੰਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            