ਬਿਨਾਂ ਜਾਂਚ-ਪੜਤਾਲ ਦੇ ਹੀ ਪਰਿਵਾਰ ਵਿਰੁੱਧ ਦਰਜ ਕੀਤਾ ਮੁਕੱਦਮਾ
Friday, Aug 11, 2017 - 01:48 AM (IST)
ਜਲਾਲਾਬਾਦ, (ਗੁਲਸ਼ਨ)- ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਅਕਸਰ ਹੀ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਸ ਨੇ ਇਕ ਨਵਾਂ ਕਾਰਨਾਮਾ ਕਰ ਵਿਖਾਇਆ ਜੋ ਮੰਡੀ ਲਾਧੂਕਾ 'ਚ ਸਾਹਮਣੇ ਆਇਆ ਹੈ ਜਿੱਥੇ ਪਤੀ-ਪਤਨੀ ਵਿਚਾਲੇ ਚੱਲ ਰਹੇ ਘਰੇਲੂ ਝਗੜੇ ਕਾਰਨ ਸਿਆਸੀ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਦੇ ਦਬਾਅ 'ਚ ਆ ਕੇ ਪੁਲਸ ਪ੍ਰਸ਼ਾਸਨ ਨੇ ਮੰਡੀ ਦੇ ਹੀ ਇਕ ਪਰਿਵਾਰ 'ਤੇ ਲੜਾਈ ਦਾ ਮੁਕੱਦਮਾ ਦਰਜ ਕਰ ਦਿੱਤਾ।
ਉਕਤ ਪੀੜਤ ਪਰਿਵਾਰ 'ਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਮੰਡੀ ਦੇ ਮੋਹਤਬਰ ਵਿਅਕਤੀਆਂ ਵੱਲੋਂ ਦਰਜ ਮੁਕੱਦਮੇ ਦੀ ਨਿਖੇਧੀ ਕਰਦੇ ਹੋਏ ਮਾਮਲੇ ਦੀ ਤਫਤੀਸ਼ ਕਰਵਾਉਣ ਲਈ ਉਪਮੰਡਲ ਪੁਲਸ ਕਪਤਾਨ ਫਾਜ਼ਿਲਕਾ ਨੂੰ ਅਪੀਲ ਕੀਤੀ ਗਈ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਪੁਲਸ ਨੇ ਮੁਕੱਦਮੇ ਦੀ ਜਾਂਚ ਦੇ ਨਾਮ 'ਤੇ ਖਾਨਾਪੂਰਤੀ ਕਰਦੇ ਹੋਏ ਅਦਾਲਤ 'ਚ ਲੜਕੀ ਵੱਲੋਂ ਦਾਇਰ ਕੀਤੇ ਗਏ ਦਾਜ ਦੇ ਮੁਕੱਦਮੇ ਨੂੰ ਵਾਪਸ ਲੈਣ ਲਈ ਲੜਕੀ ਦੇ ਨਾਲ-ਨਾਲ ਉਲਟਾ ਉਸਦੇ ਪਰਿਵਾਰ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵੱਲੋਂ ਹੁਣ ਇਨਸਾਫ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਫਰਿਆਦ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ : ਜਾਣਕਾਰੀ ਦਿੰਦੇ ਹੋਏ ਮੰਡੀ ਲਾਧੂਕਾ ਨਿਵਾਸੀ ਗੋਬਿੰਦ ਰਾਣੀ ਨੇ ਦੱਸਿਆ ਕਿ ਸਾਲ 2014 'ਚ ਉਸਦਾ ਵਿਆਹ ਪਿੰਡ ਨੂਰਸਮੰਦ ਵਿਖੇ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਨੂੰ ਲੈ ਕੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਕੁੱਟਮਾਰ ਕੀਤੀ ਜਾਂਦੀ ਸੀ। ਸਹੁਰਿਆਂ ਦੇ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਫਾਜ਼ਿਲਕਾ ਵਿਖੇ ਮਾਣਯੋਗ ਅਦਾਲਤ 'ਚ ਦਾਜ ਦਾ ਮੁਕਦਮਾ ਦਰਜ ਕਰਵਾ ਦਿੱਤਾ। ਅਦਾਲਤ 'ਚ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਝੂਠੇ ਮੁਕੱਦਮੇ 'ਚ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਸਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬੀਤੀ 10 ਜੁਲਾਈ ਨੂੰ ਜਦੋਂ ਉਸਦਾ ਚਾਚਾ ਚੰਦਰਸ਼ੇਖਰ ਘਰ ਵੱਲ ਨੂੰ ਆ ਰਿਹਾ ਸੀ ਤਾਂ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਰਾਹ 'ਚ ਰੋਕ ਕੇ ਕੁੱਟਮਾਰ ਕੀਤੀ । ਜਿਸਦੀ ਸ਼ਿਕਾਇਤ ਲੈ ਕੇ ਉਸਦਾ ਚਾਚਾ ਚੰਦਰਸ਼ੇਖਰ ਚੌਕੀ ਲਾਧੂਕਾ 'ਚ ਗਏ ਪਰ ਇਸ ਦੌਰਾਨ ਉਸਦਾ ਪਤੀ ਜਾਅਲੀ ਸੱਟਾਂ ਲਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੋ ਗਿਆ ਤੇ ਆਪਣੇ ਅਸਰ ਰਸੂਖ ਦਾ ਇਸਤੇਮਾਲ ਕਰਦੇ ਹੋਏ ਉਸਦੇ ਨਾਲ-ਨਾਲ ਉਸਦੇ ਪਰਿਵਾਰ ਵਿਰੁੱਧ ਵੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ।
ਉਧਰ ਇਸ ਸੰਬੰਧੀ ਜਦੋਂ ਫਾਜ਼ਿਲਕਾ ਦੇ ਡੀ.ਐੱਸ.ਪੀ. ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਸਦਰ ਫਾਜ਼ਿਲਕਾ 'ਚ ਦਰਜ ਹੋਏ ਇਸ ਮੁਕੱਦਮੇ ਦੀ ਜਾਂਚ ਅਬੋਹਰ ਦੇ ਐੱਸ.ਪੀ. ਅਮਰਜੀਤ ਸਿੰਘ ਮਟਵਾਣੀ ਕਰ ਰਹੇ ਹਨ। ਮਾਮਲੇ ਦੀ ਜਾਂਚ ਉਪਰੰਤ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
