ਮਜਦੂਰੀ ਕਰਕੇ ਪਰਤ ਰਿਹਾ ਮਜਦੂਰ ਰੇਹੜੀ ਸਮੇਤ ਰਜਵਾਹੇ ''ਚ ਡਿੱਗਾ, ਹੋਈ ਮੌਤ
Saturday, Jul 19, 2025 - 08:16 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਆਲੋਅਰਖ ਦੇ ਇੱਕ ਸਫ਼ਾਈ ਕਰਮਚਾਰੀ ਦੀ ਲਾਸ਼ ਬੀਤੀ ਸ਼ਾਮ ਨਾਭਾ ਕੈਂਚੀਆਂ ਨਜ਼ਦੀਕ ਲੰਘਦੇ ਰਜਵਾਹੇ 'ਚੋਂ ਮਿਲੀ। ਮ੍ਰਿਤਕ ਪਿਛਲੇ ਦਿਨਾਂ ਤੋਂ ਆਪਣੀ ਤਿੰਨ ਪਹੀਆ ਰੇਹੜੀ ਸਮੇਤ ਲਾਪਤਾ ਚੱਲ ਰਿਹਾ ਸੀ ਤੇ ਪਰਿਵਾਰ ਉਸਦੀ ਭਾਲ ਵਿਚ ਸੀ।ਇਸ ਸਬੰਧੀ ਸੁਮਿਤ ਕੁਮਾਰ ਵਾਸੀ ਆਲੋਅਰਖ ਨੇ ਦੱਸਿਆ ਕਿ ਉਸਦਾ ਪਿਤਾ ਮੁਕੇਸ਼ ਕੁਮਾਰ (55) ਪੁੱਤਰ ਜਗਦੀਸ਼ ਕੁਮਾਰ ਪਿੰਡ ਵਿਚ ਸਾਂਝੇ ਤੌਰ 'ਤੇ ਸਾਫ਼-ਸਫ਼ਾਈ ਦਾ ਕੰਮ ਕਰਦਾ ਸੀ ਜੋ ਬੀਤੀ 16 ਜੁਲਾਈ ਨੂੰ ਘਰੋਂ ਮਜਦੂਰੀ ਕਰਨ ਲਈ ਗਿਆ ਸੀ ਅਤੇ ਮੁੜ ਘਰ ਨਹੀਂ ਪਰਤਿਆ। ਕਾਫੀ ਭਾਲ ਕਰਨ 'ਤੇ ਉਸਦੀ ਗੁੰਮਸ਼ੁਦਗੀ ਸਬੰਧੀ ਪੁਲਸ ਨੂੰ ਇਤਲਾਹ ਦਿੱਤੀ ਗਈ ਸੀ। ਬੇਟੇ ਸੁਮਿਤ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੇ ਪਿਤਾ ਦੀ ਤਲਾਸ਼ ਕਰ ਹੀ ਰਿਹਾ ਸੀ ਕਿ ਸ਼ੁੱਕਰਵਾਰ ਦੀ ਸ਼ਾਮ ਉਸਦੇ ਪਿਤਾ ਦੀ ਲਾਸ਼ ਨਾਭਾ ਕੈਂਚੀਆਂ ਨੇੜੇ ਝਾੜੀਆਂ ਵਿਚ ਫਸੀ ਰਜਾਵਾਹੇ 'ਚੋਂ ਮਿਲੀ ਅਤੇ ਕੋਲ ਹੀ ਉਸਦੇ ਪਿਤਾ ਦੀ ਰੇਹੜੀ ਵੀ ਡਿੱਗੀ ਹੋਈ ਸੀ। ਸੁਮਿਤ ਨੇ ਦੱਸਿਆ ਕਿ ਰਜਵਾਹੇ 'ਚੋਂ ਜਦੋਂ ਉਸਦੇ ਪਿਤਾ ਦੀ ਲਾਸ਼ ਕੱਢੀ ਗਈ ਤਾਂ ਉਹ ਫੁੱਲੀ ਹੋਈ ਸੀ ਅਤੇ ਸਿਰ, ਲੱਤ-ਬਾਂਹ ਉੱਪਰ ਜਖ਼ਮ ਦੇ ਨਿਸ਼ਾਨ ਸਨ। ਸੁਮਿਤ ਮੁਤਾਬਕ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ 16 ਜੁਲਾਈ ਦੀ ਰਾਤ ਨੂੰ ਹਨੇਰੇ ਵਿਚ ਉਸਦਾ ਪਿਤਾ ਰਜਵਾਹੇ ਦੀ ਪਟੜੀ ਰਾਹੀਂ ਆਉਂਦਿਆਂ ਅਚਾਨਕ ਬੇਕਾਬੂ ਹੋ ਕੇ ਰੇਹੜੀ ਸਮੇਤ ਰਜਵਾਹੇ ਵਿਚ ਡਿੱਗ ਕੇ ਮੌਤ ਦਾ ਸ਼ਿਕਾਰ ਹੋ ਗਿਆ ਜਿਸਦੀ ਲਾਸ਼ ਤਿੰਨ ਦਿਨ ਪਾਣੀ ਵਿਚ ਡੁੱਬੀ ਰਹੀ। ਮਜਦੂਰ ਦੀ ਮੌਤ ਮਗਰੋਂ ਪਰਿਵਾਰ ਸੋਗ ਵਿਚ ਡੁੱਬ ਗਿਆ ਉੱਥੇ ਹੀ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਮਜਦੂਰ ਦੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ। ਉੱਧਰ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਮੁਤਾਬਕ ਉਕਤ ਵਿਅਕਤੀ ਦੀ ਮੌਤ ਰਜਵਾਹੇ 'ਚ ਡਿੱਗਣ ਕਾਰਨ ਹੋਈ ਜਿਸ ਸਬੰਧੀ ਪਰਿਵਾਰ ਵੱਲੋਂ ਕੋਈ ਪੁਲਸ ਕਾਰਵਾਈ ਨਹੀਂ ਕਰਵਾਈ ਗਈ।