ਖੇਤੀ ਬਿੱਲਾਂ ਖ਼ਿਲਾਫ਼ ਕਲਾਕਾਰਾਂ ਅਤੇ ਕਿਸਾਨ ਜਥੇਬੰਦੀਆਂ ਦਾ ਸਾਂਝਾ ਫ਼ੈਸਲਾ (ਵੀਡੀਓ)

09/30/2020 12:18:00 PM

ਜਲੰਧਰ (ਬਿਊਰੋ) - ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕਲਾਕਾਰ ਭਾਈਚਾਰੇ ਨਾਲ ਸੱਦੀ ਮੀਟਿੰਗ ਵਿਚ ਇਕ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ 7 ਕਲਾਕਾਰ ਹੋਣਗੇ ਅਤੇ 7 ਹੀ ਕਿਸਾਨ ਨੁਮਾਇੰਦੇ ਹੋਣਗੇ। ਜਲਦੀ ਹੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ। ਮੀਟਿੰਗ ਵਿਚ ਕਲਾਕਾਰ ਭਾਈਚਾਰੇ ਵੱਲੋਂ ਦੀਪ ਸਿੱਧੂ, ਰੁਪਿੰਦਰ ਹਾਂਡਾ, ਸਿੱਪੀ ਗਿੱਲ, ਜੱਸ ਬਾਜਵਾ, ਹਰਫ ਚੀਮਾ ਸ਼ਾਮਲ ਹੋਏ। ਲੱਖਾ ਸਿਧਾਣਾ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ।

ਕਿਸਾਨ ਆਗੂਆਂ ਦੱਸਿਆ ਕਿ ਕਲਾਕਾਰਾਂ ਨੇ ਉਨ੍ਹਾਂ ਦੀ ਆਵਾਜ਼ ਬਣਨ ਦਾ ਵਾਅਦਾ ਕੀਤਾ ਹੈ। ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਕਲਾਕਾਰਾਂ ਦੀ ਸਮਾਜ ਪ੍ਰਤੀ ਇਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਇੰਨੇ ਕਲਾਕਾਰ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਸਿੱਪੀ ਗਿੱਲ ਨੇ ਕਿਹਾ ਕਿ ਉਨ੍ਹਾਂ ਕੋਲ ਜੋਸ਼ ਹੈ ਪਰ ਉਨ੍ਹਾਂ ਨੂੰ ਰਾਹ ਦਿਖਾਉਣ ਲਈ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣਗੇ।

ਰੁਪਿੰਦਰ ਹਾਂਡਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਸਾਰੀ ਇੰਡਸਟਰੀ ਇਕੱਠੀ ਹੋਈ ਹੈ ਅਤੇ ਕਿਸਾਨ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਵਿਚ ਵੀ ਤਬਦੀਲੀ ਦੇਖਣ ਨੂੰ ਮਿਲੇਗੀ।
ਦੱਸਣਯੋਗ ਹੈ ਕਿ ਕਲਾਕਾਰਾਂ ਦਾ ਕਹਿਣਾ ਸੀ ਕਿ ਉਹ ਸਾਰੇ ਜ਼ਿੰਮੀਦਾਰ ਪਰਿਵਾਰ ਵਿਚੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿਸਾਨੀ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਜੁੜ ਕੇ ਕਾਨੂੰਨ ਵਾਪਸ ਕਰਾਉਣ ਲਈ ਸੰਘਰਸ਼ ਕਰਨਗੇ।


sunita

Content Editor

Related News