ਖ਼ਾਲਿਸਤਾਨ ਦੇ ਨਾਅਰੇ ਲਿਖ ਕੇ ਦਹਿਸ਼ਤ ਫੈਲਾਉਣ ਵਾਲੀ ਰਿਸ਼ਤੇਦਾਰਾਂ ਦੀ ਜੁੰਡਲੀ ਗ੍ਰਿਫ਼ਤਾਰ

07/01/2022 4:28:56 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ’ਚ ਮੰਦਰ ਸ਼੍ਰੀ ਕਾਲੀ ਮਾਤਾ ਦੇਵੀ ਸਮੇਤ ਹੋਰ ਧਾਰਮਿਕ, ਜਨਤਕ ਅਤੇ ਪ੍ਰਾਈਵੇਟ ਥਾਵਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਤੇ ਐੱਸ. ਐੱਫ. ਜੇ. ਦੇ ਨਾਅਰੇ ਲਿਖਣ ਦੇ ਮਾਮਲੇ ’ਚ ਪੁਲਸ ਨੇ ਰਿਸ਼ਤੇਦਾਰਾਂ ਦੀ ਜੁੰਡਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ ਸਪਰੇਅ, ਪੇਂਟ ਤੇ ਮੋਬਾਈਲ ਫੋਨ, 5 ਸਿਮ ਕਾਰਡ, ਕੱਪੜੇ, ਮੋਟਰਸਾਈਕਲ ਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਹਮਲਿਆਂ ਦੀ ਜ਼ਿੰਮੇਵਾਰੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਨੇ ਵੀਡੀਓ ਜਾਰੀ ਕਰਕੇ ਪਹਿਲਾਂ ਹੀ ਲੈ ਲਈ ਸੀ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਨਪ੍ਰੀਤ ਸਿੰਘ ਕਪਤਾਨ ਪੁਲਸ ਪੀ.ਬੀ.ਆਈ. ਸੰਗਰੂਰ ਦੀ ਅਗਵਾਈ ਅਧੀਨ ਯੋਗੇਸ਼ ਕੁਮਾਰ ਅਤੇ ਮਨੋਜ ਗੋਰਸੀ ਇੰਚਾਰਜ ਸੀ.ਆਈ.ਏ. ਅਤੇ ਮੁੱਖ ਅਫਸਰ ਥਾਣਾ ਸਿਟੀ ਸੰਗਰੂਰ ਅਤੇ ਥਾਣਾ ਲੌਂਗੋਵਾਲ ਦੀਆਂ ਟੀਮਾਂ ਦਾ ਗਠਨ ਕੀਤਾ। ਉਕਤ ਟੀਮ ਵੱਲੋਂ ਤਕਨੀਕੀ ਤੇ ਸੁਚੱਜੇ ਢੰਗ ਨਾਲ ਮਾਮਲੇ ਦੀ ਜਾਂਚ ਕਰਦਿਆਂ ਰੇਸ਼ਮ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ, ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਕੇਹਰ ਸਿੰਘ ਥਾਣਾ ਲੌਂਗੋਵਾਲ, ਕੁਲਵਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਥਾਣਾ ਲੌਂਗੋਵਾਲ ਨੂੰ ਗ੍ਰਿਫ਼ਤਾਰ ਕੀਤਾ।

ਇਹ ਖ਼ਬਰ ਵੀ ਪੜ੍ਹੋ :  ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਨਵਾਂ ਐਲਾਨ

ਸੋਸ਼ਲ ਮੀਡੀਆ ਰਾਹੀਂ ਐੱਸ. ਐੱਫ. ਜੇ. ਦੇ ਪੰਨੂ ਨਾਲ ਹੋਇਆ ਸੰਪਰਕ : ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਰੇਸ਼ਮ ਸਿੰਘ ਜੋ 6-7 ਸਾਲ ਤੋਂ ਚੰਡੀਗਡ਼੍ਹ ਇਲਾਕੇ ’ਚ ਵੱਖ-ਵੱਖ ਫਰਮਾਂ ’ਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਆ ਰਿਹਾ ਸੀ। ਉਹ ਪਿਛਲੇ 2 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਗੈਰਾ ਦੇ ਸੰਪਰਕ ’ਚ ਸੀ ਅਤੇ ਉਸ ਨਾਲ ਫੋਨ ’ਤੇ ਵੀ ਗੱਲ ਕਰਦਾ ਸੀ। ਉਹ ਤਕਰੀਬਨ ਇਕ ਸਾਲ ਪਹਿਲਾਂ ਆਪਣੇ ਪਿੰਡ ਹਮੀਦੀ ਆ ਗਿਆ ਅਤੇ ਹੋਰ ਬੰਦਿਆਂ ਨੂੰ ਵੀ ਆਪਣੇ ਨਾਲ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ।

ਰਿਸ਼ਤੇਦਾਰਾਂ ਨੂੰ ਆਪਣੇ ਨਾਲ ਜੋੜਿਆ : ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਰੇਸ਼ਮ ਸਿੰਘ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜਿਸ ਦੇ ਤਹਿਤ ਉਸ ਨੇ ਆਪਣੇ ਸਾਲੇ ਕੁਲਵਿੰਦਰ ਸਿੰਘ, ਜੋ ਆਪਣੇ ਪਿਤਾ ਦੇ ਕਤਲ ਦੇ ਮਾਮਲੇ ’ਚ ਜੇਲ੍ਹ ਜਾ ਚੁੱਕਾ ਹੈ, ਨੂੰ ਆਪਣੇ ਨਾਲ ਮਿਲਾ ਲਿਆ। ਕੁਲਵਿੰਦਰ ਸਿੰਘ ਦਾ ਪੁੱਤਰ ਮਨਪ੍ਰੀਤ ਸਿੰਘ ਵੀ ਇਨ੍ਹਾਂ ਨਾਲ ਵਾਰਦਾਤਾਂ ’ਚ ਸ਼ਾਮਲ ਹੋਣ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਕ ਵਾਰ ਫਿਰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੈਸਿਆਂ ਦੇ ਲਾਲਚ ’ਚ ਦਿੱਤਾ ਵਾਰਦਾਤਾਂ ਨੂੰ ਅੰਜਾਮ : ਉਕਤ ਦੋਸ਼ੀਆਂ ਨੇ ਪੈਸਿਆਂ ਦੇ ਲਾਲਚ ’ਚ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਨੂੰ ਕੁਝ ਪੈਸਿਆਂ ਦਾ ਭੁਗਤਾਨ ਵੱਖ-ਵੱਖ ਮਨੀ ਟਰਾਂਸਫਰ ਪੋਰਟਲਾਂ ਰਾਹੀਂ ਕੈਸ਼ ’ਚ ਐੱਸ. ਐੱਫ. ਜੇ. ਵੱਲੋਂ ਕੀਤਾ ਗਿਆ। ਇਸ ਨੂੰ ਲੈ ਕੇ ਹੋਰ ਵੀ ਤਫ਼ਤੀਸ਼ ਅਜੇ ਜਾਰੀ ਹੈ। ਸੰਗਰੂਰ ਹਲਕੇ ਦੇ ਨਾਲ-ਨਾਲ ਹਰਿਆਣਾ ’ਚ ਵੀ ਲਿਖੇ ਨਾਅਰੇ : ਰੇਸ਼ਮ ਸਿੰਘ ਅਤੇ ਇਸ ਦੇ ਇਕ ਹੋਰ ਸਾਥੀ ਨੇ ਹਰਿਆਣਾ ਦੇ ਸ਼ਹਿਰ ਕਰਨਾਲ ’ਚ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ। ਇਸ ਤੋਂ ਇਲਾਵਾ ਰੇਸ਼ਮ ਸਿੰਘ ਨੇ ਲੌਂਗੋਵਾਲ ਦੇ ਪਿੰਡ ਤਕੀਪੁਰ ਲੌਂਗੋਵਾਲ ਦੀ ਪਿੰਡੀ ਕੇਹਰ ਸਿੰਘ ਵਾਲੀ ’ਚ ਵੀ ਉਕਤ ਨਾਅਰੇ ਲਿਖੇ। ਸੰਗਰੂਰ ਅੰਦਰ ਮੰਦਰ ਸ਼੍ਰੀ ਕਾਲੀ ਮਾਤਾ ਦੇਵੀ ਸਣੇ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਇਮਾਰਤਾਂ ਉੱਤੇ ਰੇਸ਼ਮ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਤਿੰਨੋਂ ਜਣਿਆਂ ਨੇ ਰਲ ਕੇ ਖ਼ਾਲਿਸਤਾਨ ਦੇ ਨਾਅਰੇ ਲਿਖੇ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਸਬੰਧੀ ਗੁਰਪਤਵੰਤ ਸਿੰਘ ਪਨੂੰ ਵੱਲੋਂ ਇਕ ਵੀਡੀਓ ਜਾਰੀ ਵੀ ਕੀਤੀ ਗਈ ਸੀ, ਜਿਸ ’ਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਸੰਗਰੂਰ ਦੇ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕੀ ਤੁਸੀਂ ਸੰਗਰੂਰ ’ਚ ਸਾਡੇ ਛਾਪੇ ਲਾਉਣ ਵਾਲਾ ਕਾਰਕੁਨ ਫੜਿਆ ਪਰ ਪੂਰੇ ਪੰਜਾਬ ’ਚ ਉਨ੍ਹਾਂ ਦੇ ਸੈਂਕੜੇ ਕਾਰਕੁਨ ਤਿਆਰ ਹੋ ਚੁੱਕੇ ਹੈ। ਬੇਸ਼ੱਕ ਇਸ ਵੀਡੀਓ ’ਚ ਗੁਰਪਤਵੰਤ ਸਿੰਘ ਪੰਨੂ ਰੈਕੇਟ ਫੜਨ ਦੀਆਂ ਗੱਲਾਂ ਵੀ ਕਰ ਰਿਹਾ ਹੈ ਪਰ ਉਹ ਇਹ ਵੀ ਆਖ ਰਿਹਾ ਹੈ ਕਿ ਸਿੱਖ ਫਾਰ ਜਸਟਿਸ ਨੇ ਆਪਣੇ ਕਾਰਕੁਨਾਂ ਨੂੰ ਕਲਮ ਦੀ ਤਾਕਤ ਅਤੇ ਰੈਫਰੈਂਡਮ ਦੀ ਤਾਕਤ ਦੱਸੀ ਹੈ।


Manoj

Content Editor

Related News