ਡੇਰਾ ਪ੍ਰੇਮੀ ਦੇ ਘਰ ''ਚ ਲੱਗੀ ਅੱਗ, ਪਰਿਵਾਰ ਨੇ ਕੋਠੇ ''ਤੇ ਚੜ੍ਹ ਕੇ ਬਚਾਈ ਜਾਨ

Monday, Feb 19, 2018 - 01:13 AM (IST)

ਡੇਰਾ ਪ੍ਰੇਮੀ ਦੇ ਘਰ ''ਚ ਲੱਗੀ ਅੱਗ, ਪਰਿਵਾਰ ਨੇ ਕੋਠੇ ''ਤੇ ਚੜ੍ਹ ਕੇ ਬਚਾਈ ਜਾਨ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸੰਧੂ ਪੱਤੀ ਰੋਡ 'ਤੇ ਬੀਤੀ ਰਾਤ ਇਕ ਡੇਰਾ ਪ੍ਰੇਮੀ ਦੇ ਘਰ ਅੱਗ ਲੱਗ ਗਈ। ਡੇਰਾ ਪ੍ਰੇਮੀ ਪ੍ਰੇਮ ਸਿੰਘ ਨੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੇ ਪਰਿਵਾਰ ਨੂੰ ਖਤਮ ਕਰਨ ਲਈ ਉਸ ਦੇ ਘਰ 'ਚ ਅੱਗ ਲਾਈ ਹੈ। ਉਸ ਦੀ ਪਤਨੀ ਨੂੰ ਅੱਖ ਖੁੱਲ੍ਹਣ 'ਤੇ ਅੱਗ ਦਾ ਪਤਾ ਲੱਗਾ। ਘਰ 'ਚ ਜਿੰਦਾ ਲੱਗਾ ਹੋਇਆ ਸੀ, ਜਿਸ ਦੀ ਚਾਬੀ ਨਹੀਂ ਮਿਲੀ ਤਾਂ ਪਰਿਵਾਰ ਨੇ ਕੋਠੇ 'ਤੇ ਚੜ੍ਹ ਕੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਆਲੇ-ਦੁਆਲੇ ਦੇ ਨੌਜਵਾਨਾਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ 'ਚ ਉਨ੍ਹਾਂ ਦਾ ਫਰਨੀਚਰ, ਕੱਪੜੇ, ਟੀ. ਵੀ., ਫਰਿੱਜ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ।
ਪ੍ਰੇਮ ਸਿੰਘ ਨੇ ਦੱਸਿਆ ਕਿ 2016 'ਚ ਵੀ ਸ਼ਰਾਰਤੀ ਅਨਸਰਾਂ ਨੇ ਉਸ ਦੇ ਘਰ ਨੂੰ ਅੱਗ ਲਾ ਦਿੱਤੀ ਸੀ, ਜਿਸ ਵਿਚ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ। ਅੱਜ ਲੱਗੀ ਅੱਗ ਕਾਰਨ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਸੀ। ਉਹ ਕੰਮ ਕਾਰਨ ਘਰੋਂ ਬਾਹਰ ਸੀ।  ਘਰ 'ਚ ਉਸ ਦੇ ਮਾਤਾ-ਪਿਤਾ, ਪਤਨੀ ਅਤੇ ਬੇਟਾ ਸੁੱਤੇ ਪਏ ਸਨ। ਜੇਕਰ ਸਮੇਂ 'ਤੇ ਉਸ ਦੀ ਪਤਨੀ ਦੀ ਅੱਖ ਨਾ ਖੁੱਲ੍ਹਦੀ ਤਾਂ ਉਸ ਦਾ ਪਰਿਵਾਰ ਵੀ ਅੱਗ ਦੀ ਲਪੇਟ 'ਚ ਆ ਜਾਣਾ ਸੀ। ਇਸ ਘਟਨਾ 'ਚ ਉਸ ਦੀ ਪਤਨੀ ਦਾ ਮੂੰਹ ਝੁਲਸ ਗਿਆ ਹੈ। 
ਡੇਰਾ ਪ੍ਰੇਮੀ ਨੇ ਨਹੀਂ ਦਿੱਤੀ ਕਿਸੇ ਵਿਰੁੱਧ ਸ਼ਿਕਾਇਤ : ਐੱਸ. ਐੱਚ. ਓ.
ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਪ੍ਰੇਮ ਸਿੰਘ ਨੇ ਕਿਸੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਉਸ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਉਸ ਦੇ ਘਰ ਨੂੰ ਅਚਾਨਕ ਅੱਗ ਲੱਗੀ ਹੈ, ਜਿਸ ਕਾਰਨ ਅਸੀਂ ਕਿਸੇ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ। 


Related News