ਬਿਨਾਂ ਟਿਕਟ ਦੇ ਯਾਤਰੀਆਂ ਤੋਂ ਵਸੂਲਿਆ 21,000 ਰੁਪਏ ਦਾ ਜੁਰਮਾਨਾ
Friday, Aug 09, 2024 - 08:25 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਫ਼ਿਰੋਜ਼ਪੁਰ ਦੇ ਡਵੀਜ਼ਨਲ ਰੇਲਵੇ ਮੈਨੇਜਰ ਸ੍ਰੀ ਸੰਜੇ ਸਾਹੂ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ੍ਰੀ ਪਰਮਦੀਪ ਸਿੰਘ ਸੈਣੀ ਨੇ ਅੱਜ ਰੇਲ ਗੱਡੀ ਨੰਬਰ 12472 (ਸਵਰਾਜ ਐਕਸਪ੍ਰੈਸ) ਦੀ ਅਚਨਚੇਤ ਚੈਕਿੰਗ ਕੀਤੀ | ਉਨ੍ਹਾਂ ਦੇ ਨਾਲ ਕਮਰਸ਼ੀਅਲ ਇੰਸਪੈਕਟਰ/ਕੇਟਰਿੰਗ ਸ੍ਰੀ ਰਮਾਕਾਂਤ ਸਿੰਘ, ਕਮਰਸ਼ੀਅਲ ਇੰਸਪੈਕਟਰ/ਜੰਮੂ ਤਵੀ ਸ੍ਰੀ ਪਾਸਵੀਰ, 4 ਟਿਕਟ ਚੈਕਿੰਗ ਸਟਾਫ਼ ਅਤੇ ਇੱਕ ਆਰ.ਪੀ.ਐੱਫ ਦਾ ਜਵਾਨ ਵੀ ਮੌਜੂਦ ਸੀ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਪੂਰੀ ਰੇਲਗੱਡੀ ਦੇ ਏਅਰ-ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੀ ਡੂੰਘਾਈ ਨਾਲ ਜਾਂਚ ਕੀਤੀ, ਇਸ ਤੋਂ ਇਲਾਵਾ, ਉਨ੍ਹਾਂ ਨੇ ਆਈਆਰਸੀਟੀਸੀ/ਉੱਤਰੀ ਦੇ ਵਧੀਕ ਜਨਰਲ ਮੈਨੇਜਰ ਸ਼੍ਰੀ ਰਾਜੇਸ਼ ਕੁਮਾਰ ਦੇ ਨਾਲ ਸਾਂਝੇ ਤੌਰ 'ਤੇ ਪੈਂਟਰੀ ਕਾਰ ਦੀ ਵਿਸਤ੍ਰਿਤ ਜਾਂਚ ਕੀਤੀ। ਜਾਂਚ ਦੌਰਾਨ ਪੈਂਟਰੀ ਕਾਰ ਵਿੱਚ ਕੁਝ ਬੇਨਿਯਮੀਆਂ ਪਾਈਆਂ ਗਈਆਂ। ਪੈਂਟਰੀ ਕਾਰ 'ਚ ਖਾਣਾ ਬਣਾਉਣ ਲਈ ਡੱਬਾਬੰਦ ਖਾਣ-ਪੀਣ ਵਾਲੀਆਂ ਵਸਤੂਆਂ ਦੀ ਥਾਂ ਖੁੱਲ੍ਹੀਆਂ ਹੋਈਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਕੀਤੀ ਜਾ ਰਹੀ ਸੀ। ਲੂਜ਼ ਚਾਹ ਪੱਤੀ ਅਤੇ ਮਸਾਲੇ ਦੀ ਵਸਤੋਂ ਕੀਤੀ ਜਾ ਰਹੀ ਸੀ। ਪੈਂਟਰੀ ਕਾਰ ਦੇ ਮੈਨੇਜਰ ਦੀ ਕਾਊਂਸਲਿੰਗ ਕੀਤੀ ਗਈ ਕਿ ਉਹ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਗਈ। ਪੈਂਟਰੀਕਾਰ ਲਾਇਸੰਸਧਾਰਕ ਦੇ ਖਿਲਾਫ IRCTC ਨਿਯਮਾਂ ਦੇ ਅਨੁਸਾਰ ਢੁਕਵੀਂ ਸਜ਼ਾਤਮਕ ਕਾਰਵਾਈ ਕੀਤੀ ਜਾਵੇਗੀ। ਹੈੱਡਕੁਆਰਟਰ ਦੀ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ਼ ਨਾਲ ਮਿਲ ਕੇ ਸਵਰਾਜ ਐਕਸਪ੍ਰੈਸ ਟਰੇਨ ਦੇ ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕੋਚਾਂ ਦੀ ਬਾਰੀਕੀ ਨਾਲ ਟਿਕਟ ਚੈਕਿੰਗ ਕੀਤੀ। ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫਰ ਕਰਨ ਵਾਲੇ 42 ਰੇਲਵੇ ਯਾਤਰੀਆਂ ਤੋਂ 21 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।
ਉਨ੍ਹਾਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਰੇਲ ਸਫ਼ਰ ਦੌਰਾਨ ਅਣਅਧਿਕਾਰਤ ਵਿਕਰੇਤਾਵਾਂ ਤੋਂ ਕੋਈ ਵੀ ਚੀਜ਼ ਨਾ ਖ਼ਰੀਦਣ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਵੈਧ ਟਿਕਟਾਂ ਨਾਲ ਹੀ ਸਫ਼ਰ ਕਰਨ ਅਤੇ ਅਣ-ਰਿਜ਼ਰਵਡ ਟਿਕਟਾਂ ਰੱਖਣ ਵਾਲੇ ਰੇਲਵੇ ਯਾਤਰੀ ਰਿਜ਼ਰਵਡ ਡੱਬਿਆਂ ਵਿੱਚ ਸਫ਼ਰ ਨਾ ਕਰਨ।