ਭਾਬੀ ਵਲੋਂ ਜੇਠ ’ਤੇ ਦਰਜ ਕਰਵਾਏ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਪਰਚੇ ਨੇ ਲਿਆ ਨਵਾਂ ਮੋੜ, ਸਾਹਮਣੇ ਆਇਆ ਸੱਚ
Saturday, Nov 25, 2023 - 05:46 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਆਪਣੇ ਜੇਠ ’ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਅਤੇ ਪਤੀ ਸਮੇਤ ਸਹੁਰੇ ਪਰਿਵਾਰ ਉੱਪਰ ਕੁੱਟਮਾਰ ਦਾ ਪਰਚਾ ਦਰਜ ਕਰਵਾਉਣ ਵਾਲੀ ਵਿਆਹੁਤਾ ਗੁਰਵੀਰ ਕੌਰ ਵਾਸੀ ਭੈਣੀ ਸ਼ਾਲੂ ਅਤੇ ਉਸਦੇ ਪਿਤਾ ਕੁਲਦੀਪ ਸਿੰਘ ਖਿਲਾਫ਼ ਹੁਣ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਕੇਸਰ ਸਿੰਘ ਵਾਸੀ ਮਾਛੀਵਾੜਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਭਤੀਜੇ ਹਰਪ੍ਰੀਤ ਸਿੰਘ ਦਾ ਵਿਆਹ ਗੁਰਵੀਰ ਕੌਰ ਨਾਲ ਹੋਇਆ ਸੀ ਜੋ ਕਿ ਵਿਆਹ ਤੋਂ ਬਾਅਦ ਆਪਸ ਵਿਚ ਲੜਾਈ-ਝਗੜਾ ਕਰਦੇ ਰਹਿੰਦੇ ਸਨ। ਲੰਘੀ 17-6-2023 ਨੂੰ ਗੁਰਵੀਰ ਕੌਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਮੇਰੇ ਉੱਪਰ ਅਤੇ ਪਤਨੀ ਅਮਰਜੀਤ ਕੌਰ, ਲੜਕੇ ਅੰਮ੍ਰਿਤਪਾਲ ਸਿੰਘ, ਉਸਦੀ ਪਤਨੀ ਅਮਨਦੀਪ ਕੌਰ, ਸੱਸ ਸੰਤੋਖ ਕੌਰ ਅਤੇ ਪਤੀ ਹਰਪ੍ਰੀਤ ਸਿੰਘ ’ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਵਿਚ ਗੁਰਵੀਰ ਕੌਰ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਉਸਦੇ ਜੇਠ ਅੰਮ੍ਰਿਤਪਾਲ ਸਿੰਘ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।
ਪਰਚਾ ਦਰਜ ਹੋਣ ਤੋਂ ਬਾਅਦ ਕੁਝ ਮੋਹਤਬਰ ਸੱਜਣਾਂ ਨੇ ਗੁਰਵੀਰ ਕੌਰ ਨਾਲ ਸਾਡਾ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਫੈਸਲੇ ’ਚ ਲਿਖਿਆ ਗਿਆ ਕਿ 50 ਲੱਖ ਰੁਪਏ ਅਸੀਂ ਉਸ ਨੂੰ ਦੇਵਾਂਗੇ ਜੋ ਆਪਣੇ ਪਤੀ ਹਰਪ੍ਰੀਤ ਸਿੰਘ ਤੋਂ ਤਲਾਕ ਲੈ ਲਵੇਗੀ। ਰਾਜ਼ੀਨਾਮੇ ਅਨੁਸਾਰ ਗੁਰਵੀਰ ਕੌਰ ਨੂੰ 30 ਲੱਖ ਰੁਪਏ ਚੈੱਕਾਂ ਰਾਹੀਂ ਅਦਾਇਗੀ ਕਰ ਦਿੱਤੀ ਗਈ ਅਤੇ ਬਾਕੀ 20 ਲੱਖ ਰੁਪਏ ਜੋ ਪਰਚਾ ਦਰਜ ਕਰਵਾਇਆ ਗਿਆ ਸੀ ਉਹ ਵਾਪਸ ਲੈਣ ਉਪਰੰਤ ਦਿੱਤਾ ਜਾਵੇਗਾ ਜਿਸ ਸਬੰਧੀ ਰਾਜ਼ੀਨਾਮੇ ਦਾ ਇਕ ਹਲਫ਼ੀਆ ਬਿਆਨ ਵੀ ਤਿਆਰ ਕੀਤਾ ਗਿਆ। ਬਿਆਨਕਰਤਾ ਕੇਸਰ ਸਿੰਘ ਅਨੁਸਾਰ 30 ਲੱਖ ਰੁਪਏ ਲੈਣ ਤੋਂ ਬਾਅਦ ਗੁਰਵੀਰ ਕੌਰ ਰਾਜ਼ੀਨਾਮੇ ਤੋਂ ਮੁੱਕਰ ਗਈ ਅਤੇ ਉਸਨੇ ਸਾਡੇ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ਦੀ ਜਾਂਚ ਪੁਲਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਇਸ ਵਿਚ ਇਹ ਵੀ ਪਾਇਆ ਗਿਆ ਕਿ ਜੋ ਗੁਰਵੀਰ ਕੌਰ ਨੇ ਆਪਣੇ ਜੇਠ ਅੰਮ੍ਰਿਤਪਾਲ ਸਿੰਘ ’ਤੇ ਘਰ ਵਿਚ ਆ ਕੇ ਜ਼ਬਰੀ ਬਲਾਤਕਾਰ ਦਾ ਦੋਸ਼ ਲਗਾਇਆ ਸੀ ਉਸ ਦਿਨ ਉਹ ਮਾਛੀਵਾੜਾ ਸ਼ਹਿਰ ਵਿਚ ਮੌਜੂਦ ਨਹੀਂ ਸੀ ਜਿਸ ਦੀ ਲੋਕੇਸ਼ਨ ਵੀ ਕਿਸੇ ਪਿੰਡ ਦੀ ਸੀ ਜਿਸ ਦੇ ਅਧਾਰ ’ਤੇ ਪੁਲਸ ਨੇ ਉਸ ਨੂੰ ਵੀ ਬੇਗੁਨਾਹ ਕਰਾਰ ਦਿੱਤਾ। ਪੁਲਸ ਨੇ ਜਾਂਚ ਦੌਰਾਨ ਇਹ ਵੀ ਪਾਇਆ ਕਿ ਗੁਰਵੀਰ ਕੌਰ ਨੇ ਰਾਜ਼ੀਨਾਮਾ ਕਰ 30 ਲੱਖ ਰੁਪਏ ਧੋਖੇ ਨਾਲ ਹੜੱਪ ਲਏ ਜਿਸ ’ਤੇ ਮਾਛੀਵਾੜਾ ਪੁਲਸ ਨੇ ਗੁਰਵੀਰ ਕੌਰ ਅਤੇ ਉਸਦੇ ਪਿਤਾ ਕੁਲਦੀਪ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਹੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।