ਸਮਰਾਲਾ ’ਚ ਕਰਜ਼ਦਾਰ ਵਿਅਕਤੀ ਨੇ ਕੀਤੀ ਖੁਦਕਸ਼ੀ ਅਤੇ ਦੂਜੇ ਦੀ ਘਰ ’ਚ ਮਿਲੀ ਲਾਸ਼
Thursday, May 18, 2023 - 06:05 PM (IST)
ਸਮਰਾਲਾ (ਸੰਜੇ ਗਰਗ) : ਥਾਣਾ ਸਮਰਾਲਾ ਦੇ ਪਿੰਡ ਦੀਵਾਲਾ ਵਿਖੇ ਆਰਥਿਕ ਤੰਗੀ ਨਾਲ ਜੁਝ ਰਹੇ ਇੱਕ ਵਿਅਕਤੀ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੁੜਨ ’ਤੇ ਘਰ ’ਚ ਹੀ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ ਅਤੇ ਇੱਕ ਹੋਰ ਦੂਜੇ ਮਾਮਲੇ ’ਚ ਪਿੰਡ ਲੋਪੋਂ ਵਿਖੇ ਘਰ ’ਚ ਇੱਕਲੇ ਰਹਿੰਦੇ ਵਿਅਕਤੀ ਦੀ ਭੇਦਭਰੀ ਹਾਲਤ ’ਚ ਲਾਸ਼ ਪੁਲਸ ਨੂੰ ਮਿਲੀ ਹੈ। ਪਹਿਲਾ ਮਾਮਲਾ ਨੇੜਲੇ ਪਿੰਡ ਦੀਵਾਲਾ ਦਾ ਹੈ, ਜਿੱਥੇ ਕਿ ਲੰਬੇ ਸਮੇਂ ਤੋਂ ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਨਾਲ ਜੂਝ ਰਹੇ 50 ਸਾਲਾ ਵਿਅਕਤੀ ਕੁਲਵੰਤ ਸਿੰਘ ਨੇ ਅੱਜ ਆਪਣੇ ਘਰ ’ਚ ਹੀ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਕਈ ਸਾਲ ਵਿਦੇਸ਼ ’ਚ ਰਹਿ ਕੇ ਆਇਆ ਸੀ ਅਤੇ ਇੱਥੇ ਆ ਕੇ ਉਸ ਨੇ ਆਪਣਾ ਕੰਮ ਕੀਤਾ ਪਰ ਉਸ ਦੀ ਦੁਕਾਨ ਕਈ ਵਾਰ ਫੇਲ ਹੋ ਗਈ। ਇਸ ਤੋਂ ਬਾਅਦ ਉਹ ਕਰਜ਼ੇ ਵਿਚ ਡੁੱਬ ਗਿਆ ਅਤੇ ਹੁਣ ਕਿਸ਼ਤਾਂ ਵੀ ਵਾਪਸ ਨਹੀਂ ਹੋ ਰਹੀਆਂ ਸਨ। ਜਿਸ ਕਰਕੇ ਕੁਲਵੰਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਉਸ ਕੋਲੋਂ ਘਰ ਦਾ ਖਰਚਾ ਵੀ ਨਹੀਂ ਚਲਾਇਆ ਜਾ ਰਿਹਾ ਸੀ। ਜਿਸ ਦੇ ਚਲਦੇ ਉਸ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈਂਦੇ ਹੋਏ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਸਿਵਲ ਹਸਪਤਾਲ ’ਚ ਔਰਤ ਨੇ 9ਵੇਂ ਬੱਚੇ ਨੂੰ ਦਿੱਤਾ ਜਨਮ, 20 ਸਾਲ ਦੀ ਹੈ ਵੱਡੀ ਕੁੜੀ
ਇੱਕ ਹੋਰ ਮਾਮਲੇ ’ਚ ਨੇੜਲੇ ਪਿੰਡ ਲੋਪੋਂ ਵਿਖੇ ਆਪਣੀ ਘਰਵਾਲੀ ਨਾਲ ਤਲਾਕ ਹੋਣ ਮਗਰੋਂ ਘਰ ’ਚ ਹੀ ਇੱਕਲੇ ਰਹਿੰਦੇ ਚਰਨਜੀਤ ਸਿੰਘ ਨਾਮਕ ਵਿਅਕਤੀ ਦੀ ਲਾਸ਼ ਉਸ ਦੇ ਘਰ ’ਚੋਂ ਬਰਾਮਦ ਹੋਈ ਹੈ। ਇਸ ਵਿਅਕਤੀ ਦੀ ਭੇਦਭਰੀ ਹਾਲਤ ’ਚ ਹੋਈ ਮੌਤ ਦਾ ਖੁਲਾਸਾ ਪਿੰਡ ਵਾਸੀਆਂ ਨੂੰ ਉਸ ਦੇ ਘਰ ’ਚੋਂ ਬਦਬੂ ਆਉਣ ਮਗਰੋਂ ਹੋਇਆ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਚਰਨਜੀਤ ਸਿੰਘ ਦਾ 6 ਸਾਲ ਪਹਿਲਾ ਤਲਾਕ ਹੋ ਚੁੱਕਾ ਸੀ ਅਤੇ ਉਸ ਦੀ ਘਰਵਾਲੀ ਅਤੇ ਬੱਚੇ ਖੰਨਾ ਵਿਖੇ ਰਹਿੰਦੇ ਸਨ ਪਰ ਬੱਚੇ ਅਕਸਰ ਉਸ ਨੂੰ ਮਿਲਣ ਅਤੇ ਉਸ ਦੀ ਦੇਖਭਾਲ ਕਰਨ ਲਈ ਆਉਂਦੇ ਰਹਿੰਦੇ ਸਨ। ਕਾਫੀ ਸਮੇਂ ਤੋਂ ਬਿਮਾਰ ਰਹਿਣ ਕਾਰਨ ਉਸ ਦੇ ਬੱਚੇ ਉਸ ਦਾ ਇਲਾਜ ਵੀ ਕਰਵਾ ਰਹੇ ਸਨ ਪਰ ਅਚਾਨਕ ਉਸ ਦੀ ਘਰ ਵਿਚ ਇੰਝ ਹੋਈ ਮੌਤ ਭੇਤ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੀਜ਼ਨ ਦਾ ਸਭ ਤੋਂ ਗਰਮ ਦਿਨ ਹੋਇਆ ਰਿਕਾਰਡ, 40 ਡਿਗਰੀ ਪੰਹੁਚਿਆ ਵੱਧ ਤੋਂ ਵੱਧ ਤਾਪਮਾਨ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ