ਕਰਜ਼ੇ ਤੋਂ ਦੁਖੀ ਵਿਅਕਤੀ ਨੇ ਜ਼ਹਿਰ ਨਿਗਲਿਆ
Monday, Oct 23, 2017 - 06:55 AM (IST)
ਬਠਿੰਡਾ, (ਬਲਵਿੰਦਰ)- ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨਾਂ ਦਾ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਦਕਿ ਅੱਜ ਇਕ ਸ਼ਹਿਰੀ ਵਿਅਕਤੀ ਨੇ ਵੀ ਉਸੇ ਰਾਹ 'ਤੇ ਚੱਲ ਕੇ ਜ਼ਹਿਰ ਨਿਗਲ ਲਿਆ। ਇਸੇ ਤਰ੍ਹਾਂ ਇਕ ਹੋਰ ਨੌਜਵਾਨ ਨੇ ਪ੍ਰੇਮ ਸਬੰਧਾਂ ਕਾਰਨ ਨਸ਼ੀਲੀਆਂ ਗੋਲੀਆਂ ਖਾ ਲਈਆਂ। ਉਕਤ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਰੋਹਿਤ ਬਾਂਸਲ ਵਾਸੀ ਅਮਰੀਕ ਸਿੰਘ ਰੋਡ ਨੇ ਜ਼ਹਿਰੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਉਕਤ ਨੌਜਵਾਨ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਹ ਕਰਜ਼ੇ ਦੇ ਬੋਝ ਸਦਕਾ ਹੀ ਇਹ ਕਦਮ ਚੁੱਕ ਰਿਹਾ ਹੈ।
ਦੂਜੇ ਪਾਸੇ ਇਕ ਲੜਕੀ ਨਾਲ ਪ੍ਰੇਮ ਸਬੰਧਾਂ ਦੇ ਕਾਰਨ ਨੌਜਵਾਨ ਸੁਖਜੀਤ ਸਿੰਘ ਵਾਸੀ ਅਮਰਪੁਰਾ ਬਸਤੀ ਨੇ ਵੀ ਨਸ਼ੀਲੀਆਂ ਗੋਲੀਆਂ ਖਾ ਲਈਆਂ। ਗੰਭੀਰ ਹਾਲਤ ਵਿਚ ਉਕਤ ਨੂੰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
