ਸਡ਼ਕ ਹਾਦਸੇ ’ਚ ਪਤੀ-ਪਤਨੀ ਸਮੇਤ ਬੱਚਾ ਜ਼ਖਮੀ
Saturday, Jul 21, 2018 - 05:53 AM (IST)

ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਤੇ ਚੱਕ ਰੁਲਦੂ ਸਿੰਘ ਵਾਲਾ ਵਿਚਕਾਰ ਇਕ ਕਾਰ ਸਡ਼ਕ ਕਿਨਾਰੇ ਖਡ਼੍ਹੇ ਟਰੈਕਟਰ ਨਾਲ ਟਕਰਾ ਗਈ, ਜਿਸ ’ਚ ਪਤੀ-ਪਤਨੀ ਤੇ ਬੱਚਾ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿੰਘੇਵਾਲਾ ਆਪਣੀ ਪਤਨੀ ਅਮਨਦੀਪ ਕੌਰ ਤੇ ਬੱਚੇ ਕਰਮਵੀਰ ਸਿੰਘ ਸਮੇਤ ਕਾਰ ’ਤੇ ਰਾਮਾਂ ਮੰਡੀ ਜਾ ਰਿਹਾ ਸੀ, ਜਦ ਉਹ ਉਕਤ ਪਿੰਡਾਂ ਨਜ਼ਦੀਕ ਪਹੁੰਚੇ ਤਾਂ ਅੱਗੇ ਇਕ ਟਰੈਕਟਰ ਸਡ਼ਕ ’ਤੇ ਖਡ਼੍ਹਾ ਸੀ ਜਿਸ ਦੇ ਪਿੱਛੇ ਮਿਕਸਚਰ ਪਾਇਆ ਹੋਇਆ ਸੀ ਦੇ ਨਾਲ ਉਸ ਦੀ ਕਾਰ ਟਕਰਾ ਗਈ। ਇਸ ਹਾਦਸੇ ’ਚ ਬੱਚੇ ਸਮੇਤ ਪਤੀ-ਪਤਨੀ ਵੀ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਾਲੰਟੀਅਰ ਚਰਨਜੀਤ ਮਛਾਣਾ ਅਤੇ ਰਿੰਕਾ ਸਿੰਘ ਮੌਕੇ ’ਤੇ ਐਂਬੂਲੈਂਸ ਲੈ ਕੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਪਹੁੰਚਾਇਆ।