ਕੰਦੋਵਾਲੀ ’ਚ ਅਨੋਖੀ ਚੋਰੀ: ਮਾਮੇ ਨੇ ਭਣੇਵਿਆਂ ’ਤੇ ਮਾਂ ਦੇ ਫੁੱਲ ਚੋਰੀ ਕਰਨ ਦੇ ਲਾਏ ਇਲਜ਼ਾਮ

12/11/2023 11:18:33 AM

ਚੇਤਨਪੁਰਾ (ਨਿਰਵੈਲ)- ਚੇਤਨਪੁਰਾ ਤੋਂ ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕੰਦੋਵਾਲੀ ਵਿਖੇ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਆਪਣੇ ਭਣੇਵਿਆਂ ’ਤੇ ਮਾਤਾ ਦੇ ਫੁੱਲ (ਅਸਥੀਆਂ) ਚੋਰੀ ਕਰਨ ਦੇ ਕਥਿਤ ਇਲਜ਼ਾਮ ਲਗਾਏ ਗਏ ਹਨ I ਤਰਲੋਚਨ ਸਿੰਘ ਵਾਸੀ ਕੰਦੋਵਾਲੀ ਨੇ ਦੱਸਿਆ ਕਿ ਮੇਰੀ ਭੈਣ ਜਸਬੀਰ ਕੌਰ ਪਿੰਡ ਰਮਾਣੇਚੱਕ ਵਿਆਹੀ ਹੋਈ ਸੀ ਤੇ ਉਸ ਦੀ ਆਪਣੇ ਪੁੱਤਰ ਧਰਮ ਸਿੰਘ ਸਾਬਕਾ ਸਰਪੰਚ, ਪਲਵਿੰਦਰ ਸਿੰਘ ਫੌਜੀ ਰਮਾਣੇਚੱਕ ਨਾਲ ਨਿੱਤ ਦਿਨ ਹੀ ਅਣਬਣ ਰਹਿੰਦੀ ਸੀ, ਜਿਸ ਕਰ ਕੇ ਮੇਰੀ ਭੈਣ ਕਰੀਬ 6 ਸਾਲ ਤੋਂ ਮੇਰੇ ਕੋਲ ਕੰਦੋਵਾਲੀ ਵਿਖੇ ਰਹਿ ਰਹੀ ਸੀ।

ਇਹ ਵੀ ਪੜ੍ਹੋ- ਦੁਕਾਨ ਨੂੰ ਲੱਗੀ ਦੇਰ ਰਾਤ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਹੋਇਆ ਸੁਆਹ

ਉਨ੍ਹਾਂ ਦੱਸਿਆ ਕਿ ਬੀਤੇ ਚਾਰ ਦਿਨ ਪਹਿਲਾਂ ਜਸਬੀਰ ਕੌਰ ਦਾ ਦਿਹਾਂਤ ਹੋ ਗਿਆ ਸੀ ਅਤੇ (ਪੁੱਤਰਾਂ ਵੱਲੋਂ ਜਿਉਂਦੇ ਜੀ ਸਾਂਭ-ਸੰਭਾਲ ਨਾ ਕਰਨ ਕਰ ਕੇ ਮਾਤਾ ਨੇ ਮਰਨ ਤੋਂ ਪਹਿਲਾਂ ਕਹਿ ਦਿੱਤਾ ਸੀ, ਮੇਰਾ ਸੰਸਕਾਰ ਮੇਰਾ ਵੀਰ ਤਰਲੋਚਨ ਸਿੰਘ ਇਥੇ ਹੀ ਕਰੇ) ਪਰ ਭੈਣ ਜਸਬੀਰ ਕੌਰ ਦੇ ਬੇਟੇ ਧਰਮ ਸਿੰਘ ਅਤੇ ਪਲਵਿੰਦਰ ਸਿੰਘ ਨੇ ਆਪਣੀ ਮਾਤਾ ਦੀ ਮ੍ਰਿਤਕ ਦੇਹ ਲਿਜਾਣ ਦੀ ਜਿੱਦ ਕੀਤੀ ਪਰ ਅਸੀਂ ਮ੍ਰਿਤਕ ਦੇਹ ਨਹੀਂ ਲਿਜਾਣ ਦਿੱਤੀ ਤੇ ਉਸ ਦਾ ਸਸਕਾਰ ਕੰਦੋਵਾਲੀ ਵਿਖੇ ਕਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਚੌਥੇ ਦੀ ਰਸਮ ਕਰਨ ਲਈ ਸਮਸ਼ਾਨਘਾਟ ਵਿਖੇ ਪਹੁੰਚੇ ਤਾਂ ਉਥੇ ਭੈਣ ਜਸਬੀਰ ਕੌਰ ਦੇ ਫੁੱਲ (ਅਸਥੀਆਂ) ਨਹੀਂ ਸਨ। ਉਨ੍ਹਾਂ ਕਥਿਤ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਮ੍ਰਿਤਕ ਜਸਬੀਰ ਕੌਰ ਦੇ ਫੁੱਲ ਰਾਤ ਹੀ ਉਸ ਦੇ ਉਕਤ ਪੁੱਤਰ ਚੋਰੀ ਕਰ ਕੇ ਲੈ ਗਏ ਹਨ, ਜਿਸ ਸਬੰਧੀ ਲਿਖਤੀ ਦਰਖ਼ਾਸਤ ਅਸੀਂ ਥਾਣਾ ਝੰਡੇਰ ਵਿਖੇ ਦੇ ਦਿੱਤੀ ਹੈ।

ਇਹ ਵੀ ਪੜ੍ਹੋ-  3 ਪੀੜੀਆਂ ਤੋਂ ਫੌਜ ਦੀ ਨੌਕਰੀ ਕਰਦਾ ਆ ਰਿਹਾ ਪਰਿਵਾਰ, ਹੁਣ ਧੀ ਨੇ ਵੀ ਫਲਾਇੰਗ ਅਫ਼ਸਰ ਬਣ ਕੀਤਾ ਨਾਂ ਰੋਸ਼ਨ

ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ

ਇਸ ਸਬੰਧੀ ਜਦ ਮਾਤਾ ਜਸਬੀਰ ਕੌਰ ਦੇ ਪੁੱਤਰ ਧਰਮ ਸਿੰਘ ਸਾਬਕਾ ਸਰਪੰਚ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ 'ਤੇ ਲੱਗੇ ਇਲਜ਼ਾਮ ਝੂਠੇ ਅਤੇ ਬੇ-ਬੁਨਿਆਦ ਹਨ।

ਇਹ ਵੀ ਪੜ੍ਹੋ- ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ

ਮਾਂ ਦੇ ਫੁੱਲ ਲਿਜਾਣ ’ਤੇ ਕੋਈ ਕਾਰਵਾਈ ਨਹੀਂ ਬਣਦੀ: ਐੱਸ. ਐੱਚ. ਓ.

ਐੱਸ. ਐੱਚ. ਓ. ਥਾਣਾ ਝੰਡੇਰ ਸਬ ਇੰਸਪੈਕਟਰ ਕਰਮਪਾਲ ਸਿੰਘ ਰੰਧਾਵਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਆਪਣੀ ਮਾਂ ਦੇ ਫੁੱਲ ਲਿਜਾਣ ’ਤੇ ਕੋਈ ਕਾਰਵਾਈ ਨਹੀਂ ਬਣਦੀ ਅਤੇ ਮਾਤਾ ਦੇ ਪੁੱਤਰ ਕਹਿ ਰਹੇ ਹਨ ਕਿ ਅਸੀਂ ਫੁੱਲ ਚੋਰੀ ਨਹੀਂ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News