ਰੰਜਿਸ਼ ਕਾਰਨ ਚਲਾਈ ਗੋਲੀ, 2 ਜ਼ਖਮੀ

11/22/2017 12:11:18 AM

ਮੋਗਾ,   (ਆਜ਼ਾਦ)-  ਬੀਤੀ ਦੇਰ ਰਾਤ ਇੰਦਰਾ ਕਾਲੋਨੀ ਮੋਗਾ ਕੋਲ ਰੰਜਿਸ਼ ਕਾਰਨ ਚੱਲੀ ਗੋਲੀ 'ਚ 2 ਲੜਕਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਬਿਆਨਾਂ 'ਚ ਸੰਜੀਵ ਕੁਮਾਰ ਪੁੱਤਰ ਸ਼ਾਮ ਲਾਲ ਨਿਵਾਸੀ ਆਰੀਆ ਬਸਤੀ ਨਜ਼ਦੀਕ ਸ਼ਹੀਦੀ ਪਾਰਕ ਮੋਗਾ ਨੇ ਦੱਸਿਆ ਕਿ ਬੀਤੀ 20 ਨਵੰਬਰ ਦੀ ਦੇਰ ਰਾਤ ਨੂੰ ਮੈਂ ਆਪਣੇ ਚਚੇਰੇ ਭਰਾ ਪ੍ਰਵੀਨ ਕੁਮਾਰ ਤੇ ਆਪਣੇ ਦੋਸਤ ਰੋਹਿਤ ਕੁਮਾਰ ਨਿਵਾਸੀ ਬੱਗੇਆਣਾ ਬਸਤੀ, ਮੋਗਾ ਨਾਲ ਇੰਦਰਾ ਕਾਲੋਨੀ ਵਿਖੇ ਵਿਆਹ ਸਮਾਗਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਜਦੋਂ ਅਸੀਂ ਗਲੀ 'ਚੋਂ ਨਿਕਲੇ ਤਾਂ ਉੱਥੇ ਇਕ ਵਰਨਾ ਕਾਰ ਆ ਕੇ ਰੁਕੀ, ਜਿਸ 'ਚੋਂ ਬਲਰਾਜ ਸਿੰਘ ਨਿਵਾਸੀ ਪਰਵਾਨਾ ਨਗਰ ਮੋਗਾ, ਸੁਨੀਲ ਘਾਰੂ ਉਰਫ ਬਾਬਾ ਨਿਵਾਸੀ ਇੰਦਰਾ ਕਾਲੋਨੀ, ਮੋਗਾ ਅਤੇ ਵਿਸ਼ੂ ਸਾਰਵਾਨ ਨਿਵਾਸੀ ਰਾਜੀਵ ਨਗਰ, ਮੋਗਾ ਉਤਰੇ, ਜਿਨ੍ਹਾਂ ਕੋਲ ਅਸਲਾ ਤੇ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਆਉਂਦੇ ਸਾਰ ਹੀ ਸਾਡੇ 'ਤੇ ਜਾਨਲੇਵਾ ਹਮਲਾ ਕੀਤਾ।  ਇਸ ਦੌਰਾਨ ਗੋਲੀ ਲੱਗਣ ਨਾਲ ਪ੍ਰਵੀਨ ਕੁਮਾਰ ਤੇ ਸੁਨੀਲ ਕੁਮਾਰ ਉਰਫ ਸੰਨੀ ਜ਼ਖ਼ਮੀ ਹੋ ਗਏ ਤੇ ਮੈਂ ਅਤੇ ਮੇਰੇ ਸਾਥੀ ਵਾਲ-ਵਾਲ ਬਚ ਗਏ। ਗੋਲੀ ਚੱਲਣ ਦਾ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਹਥਿਆਰਾਂ ਸਮੇਤ ਗੱਡੀ ਲੈ ਕੇ ਫਰਾਰ ਹੋ ਗਏ। ਅਸੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹਮਲਾਵਰਾਂ ਦੇ ਨਾਲ ਸਾਡਾ ਝਗੜਾ ਹੋਇਆ ਸੀ, ਜਿਸ ਦਾ ਪੰਚਾਇਤੀ ਤੌਰ 'ਤੇ ਸਮਝੌਤਾ ਹੋ ਗਿਆ ਸੀ ਪਰ ਉਕਤ ਦੋਸ਼ੀਆਂ ਨੇ ਇਸ ਰੰਜਿਸ਼ ਕਾਰਨ ਸਾਡੇ 'ਤੇ ਜਾਨਲੇਵਾ ਹਮਲਾ ਕੀਤਾ। 
ਕੀ ਹੋਈ ਪੁਲਸ ਕਾਰਵਾਈ
ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਮੋਗਾ ਦੇ ਮੁਖੀ ਇੰਸਪੈਕਟਰ ਲਵਦੀਪ ਸਿੰਘ, ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ, ਸੁਨੀਲ ਘਾਰੂ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਤੇ ਵਿਸ਼ੂ ਸਾਰਵਾਨ ਪੁੱਤਰ ਰਾਜੇਸ਼ ਸ਼ਾਰਵਾਨ ਖਿਲਾਫ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। 
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਲਈ ਲੁਧਿਆਣਾ ਜਾ ਰਹੇ ਹਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News