ਨਕੋਦਰ 'ਚ ਕੱਪੜਾ ਵਪਾਰੀ ਦੇ ਕਤਲ ਮਗਰੋਂ ਹੁਣ ਫਗਵਾੜਾ ਵਿਚ ਦੁਕਾਨਦਾਰ 'ਤੇ ਚੱਲੀ ਗੋਲੀ
Thursday, Dec 08, 2022 - 03:22 PM (IST)
ਫਗਵਾੜਾ (ਮੁਨੀਸ਼)- ਪੰਜਾਬ ਵਿਚ ਦਿਨ-ਬ-ਦਿਨ ਕਾਨੂੰਨ ਦੀ ਵਿਵਸਥਾ ਵਿਗੜਦੀ ਜਾ ਰਹੀ ਹੈ ਅਤੇ ਬਦਮਾਸ਼ਾਂ ਨੂੰ ਕਾਨੂੰਨ ਦਾ ਜ਼ਰਾ ਵੀ ਖ਼ੌਫ਼ ਨਹੀਂ ਰਿਹਾ। ਦਿਨ-ਦਿਹਾੜੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਲੰਧਰ ਤੋਂ ਬਾਅਦ ਹੁਣ ਫਗਵਾੜਾ ਵਿਚ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਵਿਖੇ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਦੁਕਾਨ 'ਤੇ ਬੁਲਾ ਕੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਕਤ ਦੁਕਾਨਦਾਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਦੁਕਾਨਦਾਰ ਦੇ ਹੱਥ ਵਿਚ ਲੱਗੀ ਹੈ। ਮੌਕੇ ਉਤੇ ਮੌਜੂਦ ਲੋਕਾਂ ਵਲੋਂ ਦੁਕਾਨਦਾਰ ਨੂੰ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਤਪਾਲ ਪੁੱਤਰ ਬ੍ਰਿਜ ਕੁਮਾਰ ਵਾਸੀ ਪਾਸ਼ਟਾ ਨੇ ਦੱਸਿਆ ਕਿ ਉਸ ਦਾ ਪਾਸ਼ਟਾ ਦੇ ਮਾਡਲ ਟਾਊਨ ਵਿਖੇ ਲੱਕੜ ਦਾ ਟਾਲ ਹੈ ਅਤੇ ਉਸ ਦਾ ਪਿੰਡ ਦੇ ਹੀ ਗੋਪਾਲ ਪੁੱਤਰ ਹੰਸ ਰਾਜ ਅਤੇ ਸਾਹਿਲ ਪੁੱਤਰ ਰਾਣਾ ਨਾਲ ਪੁਰਾਣੀ ਰੰਜਿਸ਼ ਸੀ ਅਤੇ ਇਸੇ ਹੀ ਰੰਜਿਸ਼ ਦੇ ਚੱਲਦਿਆ ਉਨ੍ਹਾਂ ਦੋਵਾਂ ਨਾਲ ਉਸ ਦਾ ਝਗੜਾ ਹੋ ਗਿਆ ਸੀ। ਇਸ ਝਗੜੇ ਦੌਰਾਨ ਉਨ੍ਹਾਂ ਦੋਵਾਂ ਵਿਅਕਤੀਆਂ ਨੇ ਉਸ 'ਤੇ ਗੋਲੀ ਚਲਾ ਦਿੱਤੀ ਜੋਕਿ ਉਸ ਦੇ ਹੱਥ ਵਿੱਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਹ ਜੇਰੇ ਇਲਾਜ ਹੈ। ਉਨਾਂ ਦੱਸਿਆ ਕਿ ਇਸ ਬਾਬਤ ਸੰਬਧਤ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਉਧਰ ਥਾਣਾ ਰਾਵਲਪਿੰਡ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਪੁਲਸ ਵੱਲੋਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਵਾਲਰ ਲਾਇਸੈਂਸੀ ਸੀ ਜਾਂ ਹੋਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨੀ ਅਜੇ ਬਾਕੀ ਅਤੇ ਜਲਦ ਹੀ ਮਾਮਲਾ ਦਰਜ ਕਰਕੇ ਉਨ੍ਹਾਂ ਨੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਕੋਦਰ ਦੇ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ ਅਤੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਸ ਨੇ ਵੀ ਅੱਜ ਦਮ ਤੋੜ ਦਿੱਤਾ। ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ (39) ਪੁੱਤਰ ਹਰਮਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਨੂੰ ਅਣਪਛਾਤੇ ਹਮਲਾਵਰਾਂ ਨੇ ਰਾਇਲ ਟਾਵਰ ਕੋਲ ਉਸ ਦੀ ਦੁਕਾਨ ’ਤੇ ਰਾਤ 8.30 ਵਜੇ ਦੇ ਲੱਗਭਗ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ