ਮੋਬਾਇਲ ਫੋਨ ਬੈਰਕਾਂ ’ਚ ਲੈ ਕੇ ਜਾਣ ਦੀਆਂ ਘਟਨਾਵਾਂ ’ਤੇ ਕਸੀ ਜਾਏਗੀ ਨੁਕੇਲ, ਜੇਲ੍ਹ ’ਚ ਲੱਗੇਗਾ ਬਾਡੀ ਸਕੈਨਰ

Monday, Dec 04, 2023 - 07:14 PM (IST)

ਮੋਬਾਇਲ ਫੋਨ ਬੈਰਕਾਂ ’ਚ ਲੈ ਕੇ ਜਾਣ ਦੀਆਂ ਘਟਨਾਵਾਂ ’ਤੇ ਕਸੀ ਜਾਏਗੀ ਨੁਕੇਲ, ਜੇਲ੍ਹ ’ਚ ਲੱਗੇਗਾ ਬਾਡੀ ਸਕੈਨਰ

ਚੰਡੀਗੜ੍ਹ (ਸੰਦੀਪ) : ਜੇਲ੍ਹ ਦੀਆਂ ਬੈਰਕਾਂ ’ਚ ਕੈਦੀਆਂ ਤੋਂ ਮਿਲਣ ਵਾਲੇ ਮੋਬਾਇਲ, ਸਿਮ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਜੇਲ੍ਹ ਮੈਨੇਜਮੈਂਟ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਜੇਲ੍ਹ ਮੈਨੇਜਮੈਂਟ ਵਲੋਂ ਕੈਦੀਆਂ ਦੀ ਤਲਾਸ਼ੀ ਲਈ ਮੇਨ ਗੇਟ ’ਤੇ ਬਾਡੀ ਸਕੈਨਰ ਦਾ ਪੋਲ ਲਾਇਆ ਜਾਵੇਗਾ। ਇਸ ਦੇ ਲੱਗਣ ਨਾਲ ਜੇਲ੍ਹ ਕਰਮਚਾਰੀ ਕੈਦੀਆਂ ਦੀ ਮੈਨੂਅਲ ਅਤੇ ਟੈਕਨੀਕਲ ਦੋਵੇਂ ਤਰ੍ਹਾਂ ਤਲਾਸ਼ੀ ਲੈ ਸਕਣਗੇ। ਜਾਣਕਾਰਾਂ ਦੀ ਮੰਨੀਏ ਤਾਂ ਕਈ ਕੈਦੀਆਂ ਨੂੰ ਜਦੋਂ ਅਦਾਲਤ ’ਚ ਪੇਸ਼ੀ ਲਈ ਲਿਜਾਇਆ ਜਾਂਦਾ ਹੈ ਤਾਂ ਉਹ ਆਪਣੇ ਜਾਣ-ਪਛਾਣ ਵਾਲਿਆਂ ਨੂੰ ਮਿਲਦੇ ਹਨ। ਇਸ ਦੌਰਾਨ ਉਹ ਉਨ੍ਹਾਂ ਤੋਂ ਮੋਬਾਇਲ, ਸਿਮ ਅਤੇ ਨਸ਼ੀਲੇ ਪਦਾਰਥ ਲੈ ਕੇ ਆਪਣੇ ਗੁਪਤ ਅੰਗਾਂ ਵਿਚ ਛੁਪਾ ਲੈਂਦੇ ਹਨ। ਇਸ ਤੋਂ ਬਾਅਦ ਜਦੋਂ ਇਨ੍ਹਾਂ ਕੈਦੀਆਂ ਦੀ ਪੇਸ਼ੀ ਤੋਂ ਵਾਪਸੀ ਸਮੇਂ ਜੇਲ੍ਹ ਦੇ ਗੇਟ ’ਤੇ ਤਲਾਸ਼ੀ ਲਈ ਜਾਂਦੀ ਹੈ ਤਾਂ ਉਹ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬੈਰਕ ’ਚ ਦਾਖ਼ਲ ਹੋ ਜਾਂਦੇ ਹਨ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਜੇਲ ਮੈਨੇਜਮੈਂਟ ਨੇ ਹੁਣ ਡਿਓੜੀ ਗੇਟ ’ਤੇ ਬਾਡੀ ਸਕੈਨਰ ਪੋਲ ਲਾਉਣ ਦਾ ਫੈਸਲਾ ਕੀਤਾ ਹੈ। ਇਹ ਯੰਤਰ ਜੇਲ੍ਹ ’ਚ ਦਾਖ਼ਲ ਹੋਣ ਵਾਲੇ ਕੈਦੀ ਦੇ ਸਰੀਰ ਨੂੰ ਸਕੈਨ ਕਰ ਕੇ ਇਸਦਾ ਪਤਾ ਲਾਏਗਾ ਕਿ ਉਹ ਆਪਣੇ ਗੁਪਤ ਅੰਗਾਂ ’ਚ ਕੋਈ ਸਾਮਾਨ ਲੁਕੋ ਕੇ ਤਾਂ ਨਹੀਂ ਲੈ ਕੇ ਜਾ ਰਿਹਾ। ਇਸ ਤੋਂ ਪਹਿਲਾਂ ਜੇਲ ਪ੍ਰਸ਼ਾਸਨ ਨੇ ਡਿਓੜੀ ਗੇਟ ’ਤੇ ਬਾਡੀ ਸਕੈਨਰ ਲਾਉਣ ਦੀ ਯੋਜਨਾ ਬਣਾਈ ਸੀ ਪਰ ਜੇਲ ਮੈਨੇਜਮੈਂਟ ਨੇ ਵੇਖਿਆ ਕਿ ਬਾਡੀ ਸਕੈਨਰ ਨਾਲ ਕੈਦੀਆਂ ਦੇ ਸਰੀਰ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ, ਇਸ ਲਈ ਮੈਨੇਜਮੈਂਟ ਨੇ ਬਾਡੀ ਸਕੈਨਰ ਪੋਲ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਏਅਰ ਇੰਡੀਆ ਦਾ ਬਾਈਕਾਟ ਵਾਲੇ ਨਾਅਰੇ ਲਿਖਣ ਵਾਲੇ HFJ ਦੇ ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ 

ਕੈਦੀਆਂ ਕੋਲੋਂ ਮਿਲ ਚੁੱਕੇ ਹਨ ਮੋਬਾਇਲ ਤੇ ਨਸ਼ੀਲੇ ਪਦਾਰਥ
ਪਿਛਲੇ ਕੁਝ ਸਾਲਾਂ ਦੌਰਾਨ ਜੇਲ੍ਹ ’ਚ ਚੈਕਿੰਗ ਦੌਰਾਨ ਬੈਰਕਾਂ ’ਚ ਕੈਦੀਆਂ ਕੋਲੋਂ ਮੋਬਾਇਲ ਫੋਨ, ਸਿਮ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜੇਲ੍ਹ ’ਚ ਬੰਦ ਰਾਜਨ ਭੱਟੀ ਵਰਗੇ ਮੁਲਜ਼ਮ ਕੋਲੋਂ ਮੋਬਾਇਲ ਅਤੇ ਸਿਮ ਬਰਾਮਦ ਹੋਏ ਸਨ। ਜੇਲ੍ਹ ’ਚ ਕੈਦੀਆਂ ਕੋਲੋਂ ਮੋਬਾਇਲ ਫ਼ੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਜੇਲ ਪ੍ਰਸ਼ਾਸਨ ਨੇ ਜੇਲ੍ਹ ’ਚ ਤਾਇਨਾਤ ਉਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ, ਜਿਨ੍ਹਾਂ ਦੀ ਅਣਗਹਿਲੀ ਜਾਂ ਮਿਲੀਭੁਗਤ ਕਾਰਨ ਇਹੋ ਜਿਹੀਆਂ ਚੀਜ਼ਾਂ ਜੇਲ੍ਹ ’ਚ ਕੈਦੀਆਂ ਤਕ ਪੁੱਜਦੀਆਂ ਸਨ। 

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ

ਕੈਦੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਮਕਸਦ ਨਾਲ ਜੇਲ ਮੈਨੇਜਮੈਂਟ ਡਿਓੜੀ ਗੇਟ ’ਤੇ ਬਾਡੀ ਸਕੈਨਰ ਪੋਲ ਲਵਾਉਣ ਜਾ ਰਹੀ ਹੈ, ਤਾਂ ਜੋ ਜੇਲ੍ਹ ’ਚ ਦਾਖ਼ਲ ਹੋਣ ਵਾਲੇ ਕੈਦੀਆਂ ਦੀ ਤਲਾਸ਼ੀ ਲਈ ਜਾ ਸਕੇ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਆਪਣੇ ਸਰੀਰ ’ਚ ਕਿਤੇ ਕੋਈ ਸਾਮਾਨ ਤਾਂ ਲੁਕੋ ਕੇ ਨਹੀਂ ਲੈ ਜਾ ਰਿਹਾ।
-ਰਾਜ ਕੁਮਾਰ, ਆਈ. ਜੀ., ਮਾਡਲ ਬੁੜੈਲ ਜੇਲ, ਸੈਕਟਰ-51, ਚੰਡੀਗੜ੍ਹ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਅਹਿਮ ਖ਼ਬਰ, 8 ਦਸੰਬਰ ਤੋਂ ਲਾਗੂ ਹੋ ਰਿਹੈ ਸਖ਼ਤ ਨਿਯਮ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News