ਖਾਲਸਾ ਏਡ ਦਫਤਰ ’ਤੇ ਰੇਡ ਤੇ ਸੰਸਦ ਮੈਂਬਰ ਢੇਸੀ ਨੂੰ ਰੋਕੇ ਜਾਣ ’ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਵੱਡਾ ਬਿਆਨ

Friday, Aug 04, 2023 - 06:23 PM (IST)

ਖਾਲਸਾ ਏਡ ਦਫਤਰ ’ਤੇ ਰੇਡ ਤੇ ਸੰਸਦ ਮੈਂਬਰ ਢੇਸੀ ਨੂੰ ਰੋਕੇ ਜਾਣ ’ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਵੱਡਾ ਬਿਆਨ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਖਾਲਸਾ ਏਡ ਦੇ ਭਾਰਤ ਸਥਿਤ ਦਫਤਰ ਵਿਚ ਐੱਨ. ਆਈ. ਏ. ਦੀ ਛਾਪੇਮਾਰੀ ਅਤੇ ਇੰਗਲੈਂਡ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਰੋਕਣ ਦੀ ਘਟਨਾ ’ਤੇ ਆਪਣੀ ਮਹੱਤਵਪੂਰਨ ਪ੍ਰਤੀਕਿਰਿਆ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਭਾਰਤ ਅੰਦਰ ਸਿੱਖਾਂ ਨੂੰ ਆਨੇ-ਬਹਾਨੇ ਅਲਹਿਦਗੀ ਦਾ ਅਹਿਸਾਸ ਕਰਵਾਉਣਾ ਮੰਦਭਾਗਾ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਖਾਲਸਾ ਏਡ ਵਲੋਂ ਵਿਸ਼ਵ ਪੱਧਰ ’ਤੇ ਮਾਨਵਤਾ ਦੀ ਸੇਵਾ ਦੇ ਕੀਤੇ ਜਾ ਰਹੇ ਕਾਰਜ ਕੋਈ ਲੁਕੇ ਨਹੀਂ ਹਨ। ਇਸ ਤਰੀਕੇ ਐੱਨ. ਆਈ. ਏ. ਵੱਲੋਂ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ਵਿਚ ਛਾਪੇਮਾਰੀ ਕਰਨੀ ਹੈਰਾਨੀਜਨਕ ਹੈ। 

ਇਹ ਵੀ ਪੜ੍ਹੋ : ਸਰਕਾਰੀ ਅਫ਼ਸਰਾਂ ਲਈ ਜਾਰੀ ਹੋਏ ਸਖ਼ਤ ਹੁਕਮ, ਜੇ ਨਾ ਮੰਨੇ ਤਾਂ ਹੋਵੇਗੀ ਕਾਰਵਾਈ

ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਇੰਗਲੈਂਡ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਦੋ ਘੰਟੇ ਰੋਕੀ ਰੱਖਣ ਦੀ ਘਟਨਾ ਨੂੰ ਵੀ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਇਸ ਤਰੀਕੇ ਸਿੱਖਾਂ ਦੀ ਸ਼ਾਖ਼ ’ਤੇ ਸਮਰੱਥਾ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਦੇਸ਼ ਦੀ ਆਨ, ਬਾਨ, ਸ਼ਾਨ ਵਿਚ ਸਿੱਖਾਂ ਦੀ ਮਹੱਤਵਪੂਰਨ ਭੂਮਿਕਾ ਵੀ ਅਣਗੌਲੀ ਨਹੀਂ ਜਾ ਸਕਦੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਸਿੱਖਾਂ ਤੇ ਪੰਜਾਬ ਨਾਲ ਪਿਛਲੇ 72 ਸਾਲਾਂ ਦੌਰਾਨ ਹੋਏ ਸਿਆਸੀ ਵਿਤਕਰਿਆਂ ਅਤੇ ਵਧੀਕੀਆਂ ਨੂੰ ਵੀ ਇਤਿਹਾਸ ਵਿਚੋਂ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਜੂਨ 1984 ਦਾ ਘੱਲੂਘਾਰਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਦਿੱਤਾ ਗਿਆ ਅਜਿਹਾ ਨਾਸੂਰ ਹੈ, ਜੋ ਰਹਿੰਦੀ ਦੁਨੀਆ ਤੱਕ ਰਿਸਦਾ ਰਹੇਗਾ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਜਾ ਰਹੀ ਹੈ ਪੰਜਾਬ ਪੁਲਸ

ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵੱਸਦਾ ਕੋਈ ਵੀ ਸਿੱਖ ਜਦੋਂ ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਦੀ ਗੱਲ ਕਰਦਾ ਹੈ ਤਾਂ ਬਜਾਏ ਇਸ ਦੇ ਕਿ ਸਿੱਟਾਮੁਖੀ ਨੀਤੀਆਂ ’ਤੇ ਚੱਲ ਕੇ ਸਿੱਖ ਕੌਮ ਦੇ ਬੇਇਨਸਾਫੀ ਦੇ ਹੇਰਵੇ ਨੂੰ ਦੂਰ ਕਰਕੇ ਉਨ੍ਹਾਂ ਦਾ ਭਰੋਸਾ ਜਿੱਤਿਆ ਜਾਵੇ, ਉਲਟਾ ਸਰਕਾਰਾਂ ਅਜਿਹਾ ਪੱਖਪਾਤੀ ਵਤੀਰਾ ਧਾਰਨ ਕਰਦੀਆਂ ਹਨ ਕਿ ਸਿੱਖਾਂ ਅੰਦਰ ਅਲਹਿਦਗੀ ਦਾ ਹੋਰ ਅਹਿਸਾਸ ਪੈਦਾ ਹੋਵੇ। ਗਿਆਨੀ ਰਘਬੀਰ ਸਿੰਘ ਨੇ ਅਖੀਰ ਵਿਚ ਕਿਹਾ ਕਿ ਇਤਿਹਾਸ ਦੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਸਰਕਾਰਾਂ ਨੂੰ ਸਿਆਸੀ ਸਮੱਸਿਆਵਾਂ ਦਾ ਹੱਲ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਾਲੀਆਂ ਨੀਤੀਆਂ ਦੀ ਥਾਂ ਸੁਹਿਰਦਤਾ ਅਤੇ ਫ਼ਰਾਖ਼ਦਿਲੀ ਵਾਲਾ ਵਤੀਰਾ ਧਾਰਨ ਕਰਕੇ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਮਾਰਤਾਂ ਦੇ ਨਕਸ਼ੇ ਪਾਸ ਕਰਨ ਨੂੰ ਲੈ ਕੇ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News