ਕਰੋੜਾਂ ਦੀ ਹਵਾਲਾ ਰਾਸ਼ੀ ਫੜਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਦੋਆਬਾ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਆਏ ਸਾਹਮਣੇ
Wednesday, Jul 24, 2024 - 11:25 AM (IST)
ਜਲੰਧਰ (ਜ. ਬ.)–ਬਸ਼ੀਰਪੁਰਾ ਵਿਚ ਕ੍ਰੇਟਾ ਗੱਡੀ ਵਿਚੋਂ ਫੜੀ ਗਈ ਲਗਭਗ 3 ਕਰੋੜ ਰੁਪਏ ਦੀ ਭਾਰਤੀ ਕਰੰਸੀ ਅਤੇ 3100 ਯੂ. ਐੱਸ. ਡਾਲਰ ਦੀ ਹਵਾਲਾ ਰਾਸ਼ੀ ਨਾਲ ਕਾਬੂ ਕੀਤੇ ਪੁਨੀਤ ਸੂਦ ਉਰਫ਼ ਗਾਂਧੀ ਤੋਂ ਥਾਣਾ ਨਵੀਂ ਬਾਰਾਦਰੀ ਵਿਚ ਪੁਲਸ ਲਗਾਤਾਰ ਪੁੱਛਗਿੱਛ ਕਰਦੀ ਰਹੀ। ਗਾਂਧੀ ਨੇ ਮੰਨਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ। ਪੁਲਸ ਦੀ ਜਾਂਚ ਵਿਚ ਹਵਾਲਾ ਕਾਰੋਬਾਰ ਨਾਲ ਜੁੜੇ ਦੋਆਬਾ ਦੇ ਇਲਾਕੇ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਸ ਦੀ ਮੰਨੀਏ ਤਾਂ ਹੁਣ ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਵਿਚੋਂ ਕੁਝ ਹੁਸ਼ਿਆਰਪੁਰ ਦੇ ਵੀ ਫਾਰੈਕਸ ਕਾਰੋਬਾਰੀ ਸ਼ਾਮਲ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ ਜਦੋਂ ਵੀ ਦਿੱਲੀ ਤੋਂ ਹਵਾਲਾ ਰਾਸ਼ੀ ਆਉਣੀ ਹੁੰਦੀ ਸੀ ਕਿ ਉਸ ਨੂੰ ਇਕ ਹੀ ਕੰਪਨੀ ਦੀ ਲਗਜ਼ਰੀ ਬੱਸ ਜ਼ਰੀਏ ਭੇਜਿਆ ਜਾਂਦਾ ਸੀ। ਇਹ ਬੱਸਾਂ ਦਿੱਲੀ ਤੋਂ ਅੰਮ੍ਰਿਤਸਰ ਰੂਟ ਵਾਲੀਆਂ ਹੁੰਦੀਆਂ ਸਨ।
ਇਹ ਵੀ ਪੜ੍ਹੋ- ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ, ਵਿਦਿਆਰਥੀ ਹੋਇਆ ਬੇਹੋਸ਼, ਮਚੀ ਹਫ਼ੜਾ-ਦਫ਼ੜੀ
ਪੁਲਸ ਨੂੰ ਸ਼ੱਕ ਹੈ ਕਿ ਬੱਸ ਕੰਪਨੀ ਅਤੇ ਉਸ ਦੇ ਡਰਾਈਵਰ ਅਤੇ ਕੰਡਕਟਰ ਵੀ ਹਵਾਲਾ ਨੈੱਟਵਰਕ ਨਾਲ ਜੁੜੇ ਹੋਏ ਹਨ। ਪੁਲਸ ਕੰਪਨੀ ਨੂੰ ਜਲਦ ਨੋਟਿਸ ਜਾਰੀ ਕਰੇਗੀ। ਪੁਲਸ ਨੇ ਕੰਡਕਟਰ ਅਤੇ ਡਰਾਈਵਰ ਬਾਰੇ ਪੁਨੀਤ ਸੂਦ ਉਰਫ਼ ਗਾਂਧੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੋਵਾਂ ਦੀ ਪਛਾਣ ਦੱਸ ਦਿੱਤੀ। ਪੁਲਸ ਹੁਣ ਕੰਡਕਟਰ ਅਤੇ ਡਰਾਈਵਰ ਤੋਂ ਵੀ ਪੁੱਛਗਿੱਛ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਇਹ ਲੋਕ ਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਵੀ ਭਰੋਸਾ ਨਹੀਂ ਕਰਦੇ ਸਨ, ਜਿਸ ਕਾਰਨ ਬਿਨਾਂ ਉਨ੍ਹਾਂ ਲੋਕਾਂ ਨੂੰ ਦੱਸੇ ਦਿੱਲੀ ਤੋਂ ਹੀ ਸਵਾਰੀ ਬਣਾ ਕੇ ਉਹ ਆਪਣਾ ਭਰੋਸੇ ਵਾਲਾ ਬੰਦਾ ਬੱਸ ਵਿਚ ਚੜ੍ਹਾ ਦਿੰਦੇ ਸਨ, ਜਿਹੜਾ ਕੰਡਕਟਰ ਅਤੇ ਡਰਾਈਵਰ ’ਤੇ ਨਜ਼ਰ ਰੱਖਦਾ ਸੀ। ਜਿਉਂ ਹੀ ਪੁਨੀਤ ਨੂੰ ਹਵਾਲਾ ਰਾਸ਼ੀ ਮਿਲਦੀ ਸੀ ਤਾਂ ਉਹ ਜਲੰਧਰ ਵਿਚ ਹੀ ਉਤਰ ਜਾਂਦਾ ਸੀ ਅਤੇ ਫਿਰ ਅਗਲੇ ਦਿਨ ਦਿੱਲੀ ਮੁੜ ਜਾਂਦਾ ਸੀ। ਪੁਲਸ ਉਕਤ ਪੈਸਿਆਂ ਨੂੰ ਡਰੱਗ ਅਤੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖਤ ਨਾਲ ਵੀ ਜੋੜ ਕੇ ਇਨਵੈਸਟੀਗੇਸ਼ਨ ਕਰ ਰਹੀ ਹੈ।
ਇਹ ਵੀ ਪੜ੍ਹੋ- ਬੱਸ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਦੱਸਣਯੋਗ ਹੈ ਕਿ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਬਸ਼ੀਰਪੁਰਾ ਟੀ-ਪੁਆਇੰਟ ’ਤੇ ਕਾਲੇ ਰੰਗ ਦੀ ਕ੍ਰੇਟਾ ਗੱਡੀ ਨੂੰ ਰੋਕਿਆ ਸੀ। ਗੱਡੀ ਪੁਨੀਤ ਸੂਦ ਉਰਫ਼ ਗਾਂਧੀ ਰਾਮਦੇਵ ਨਿਵਾਸੀ ਕਟੜਾ ਮੁਹੱਲਾ ਹੁਸ਼ਿਆਰਪੁਰ ਚਲਾ ਰਿਹਾ ਸੀ। ਪੁਲਸ ਨੇ ਜਦੋਂ ਕ੍ਰੇਟਾ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 2 ਕਰੋੜ 93 ਲੱਖ 5800 ਰੁਪਏ ਦੀ ਭਾਰਤੀ ਕਰੰਸੀ ਅਤੇ 3100 ਯੂ. ਐੱਸ. ਡਾਲਰ ਮਿਲੇ ਸਨ। ਮੁਲਜ਼ਮ ਨੇ ਮੰਨਿਆ ਸੀ ਕਿ ਉਹ ਹਵਾਲਾ ਰਾਸ਼ੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਰਕਮ ਦਿੱਲੀ ਤੋਂ ਆਈ ਸੀ, ਜਿਸ ਨੂੰ ਲੈ ਕੇ ਉਸ ਨੇ ਹੁਸ਼ਿਆਰਪੁਰ ਜਾਣਾ ਸੀ। ਮੁਲਜ਼ਮ ਪਹਿਲਾਂ 10 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਨਾਲ ਦਿੱਲੀ ਏਅਰਪੋਰਟ ’ਤੇ ਫੜਿਆ ਗਿਆ ਸੀ। ਗਾਂਧੀ ਕਾਫ਼ੀ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਵਿਚ ਵੈਸਟਰਨ ਯੂਨੀਅਨ ਦਾ ਕੰਮ ਕਰ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਕੇਸ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਦੋਬਾਰਾ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, MP ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।